ਭਾਰਤੀ ਸਮਾਜ ਵਿੱਚ
ਵਿਦਿਆਰਥੀਆਂ ਦਾ ਰਾਜਨੀਤੀ ਵਿੱਚ ਹਮੇਸ਼ਾ ਹੀ ਇੱਕ ਚੰਗਾ ਯੋਗਦਾਨ ਰਿਹਾ ਹੈ ਭਾਂਵੇ ਇਹ ਆਜ਼ਾਦੀ ਲਈ
ਸੰਘਰਸ਼ ਹੋਵੇ, ਜਮਹੂਰੀ ਹੱਕਾਂ ਦੀ ਲੜਾਈ
ਹੋਵੇ, ਐਂਮਰਜੰਸੀ ਦਾ ਵਿਰੋਧ ਕਰਨਾ ਹੋਵੇ, ਤੇਲੰਗਾਨਾ, ਕਸ਼ਮੀਰ, ਉੱਤਰੀ ਪੂਰਬ ਰਾਜਾਂ ਦੀ ਲੜਾਈ
ਤੋਂ ਲੈ ਕੇ ਨਕਸਲਵਾਦੀ ਲਹਿਰ ਤੱਕ| ਇਹ ਵਿਦਿਆਰਥੀ ਹੀ ਹਨ ਜੋ ਸਿੱਖਿਆ ਦੇ ਨਿੱਜੀਕਰਨ ਅਤੇ
ਵਪਾਰੀਕਰਨ ਦੇ ਖਿਲਾਫ਼ ਅਲੱਗ-ਅਲੱਗ ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਜਮ ਕੇ ਆਵਾਜ਼
ਉੱਠਾ ਰਹੇ ਹਨ| ਇਸ ਤਰ੍ਹਾ ਸਮਾਜ ਨੂੰ ਅੱਗੇ ਵਧਾਉਣ ਵਿੱਚ ਵਿਦਿਆਰਥੀਆਂ ਦਾ ਹਮੇਸ਼ਾ ਹੀ ਇੱਕ ਮੋਹਰੀ
ਕਿਰਦਾਰ ਰਿਹਾ ਹੈ|
ਪਰ ਜਿਸ ਤਰੀਕੇ ਦੀਆਂ ਲੋਕ ਵਿਰੋਧੀ ਨੀਤੀਆਂ
ਭਾਰਤੀ ਸਰਕਾਰਾਂ (ਭਾਂਵੇ ਕਾਂਗਰਸ ਜਾਂ ਭਾਜਪਾ) ਲਗਾਤਾਰ ਲੋਕਾਂ ਉੱਤੇ ਥੋਪ ਰਹੀਆਂ ਨੇ;
ਵਿਦਿਆਰਥੀਆਂ ਨੇ ਅਜਿਹੀਆਂ ਨੀਤੀਆਂ ਨੂੰ ਹਮੇਸ਼ਾ ਹੀ ਇੱਕ ਬਰਾਬਰ ਦੀ ਟੱਕਰ ਦਿੱਤੀ ਹੈ ਅਤੇ ਅੱਜ ਵੀ
ਦੇ ਰਹੇ ਹਨ| ਤੇ ਕਿਸੇ ਵੀ ਸਮਾਜ ਦਾ ਸਭ ਤੋਂ ਅਗਾਹਵਧੂ ਤਬਕਾ ਹੋਣ ਦੇ ਨਾਤੇ ਵਿਦਿਆਰਥੀਆਂ ਦਾ ਇਹ
ਫਰਜ਼ ਵੀ ਬਣਦਾ ਹੈ ਕਿ ਉਹੋ ਇਹਨਾਂ ਲੋਕ ਵਿਰੋਧੀ ਨੀਤੀਆਂ ਦਾ ਵਿਰੋਧ ਕਰਨ| ਕਿਉਂਕਿ ਜੇ ਇਹ ਪੜ੍ਹਿਆ
ਲਿਖਿਆ ਤਬਕਾ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਤੇ ਚੁੱਪ ਰਹੇਗਾ ਤਾਂ ਸਮਾਜ ਦੇ ਹੋਰਾਂ
ਤਬਕਿਆਂ ਤੋਂ ਉਹਨਾਂ ਨੀਤੀਆਂ ਦੇ ਵਿਰੋਧ ਦੀ ਆਸ ਠੰਡੀ ਪੈ ਜਾਂਦੀ ਹੈ|
ਵਿਦਿਆਰਥੀ ਚੋਣਾ ਦਾ ਹੋਣਾ, ਕਾਲਜਾਂ ਜਾਂ ਯੂਨੀਵਰਸਿਟੀਆਂ ਵਿੱਚ ਇੱਕ ਜਮਹੂਰੀਅਤ ਦੇ
ਮਾਹੌਲ ਨੂੰ ਸਿਰਜਣ ਦਾ ਹੀ ਜ਼ਰਿਆ ਹੈ| ਵਿਦਿਆਰਥੀ ਚੋਣਾ ਹਰ ਹੀਲੇ ਇੱਕ ਨਿਰਪੱਖ ਤੌਰ ਤੇ ਹੋਣੀਆ
ਚਾਹਿੰਦੀਆਂ ਹਨ| ਪਰ ਇਹ ਇੱਕ ਸਚਾਈ ਹੈ ਕਿ ਜ਼ਿਆਦਾਤਰ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਵੀ ਸੱਤਾਧਾਰੀ ਪਾਰਟੀਆਂ ਦੇ ਹੀ ਗਰੁੱਪਾਂ ਦਾ ਬੋਲ-ਬਾਲਾ
ਹੈ ਹਾਲਾਂਕਿ ਇਸਦੇ ਪਿੱਛੇ ਵੀ ਜੋ ਕਾਰਨ ਹਨ ਉਹ ਇਹਨਾਂ ਗਰੁੱਪਾਂ ਦੀ ਸੱਤਾਧਾਰੀ ਪਿਛੋਕੜ ਹੋਣ
ਕਰਕੇ ਇਹਨਾਂ ਨੂੰ ਮਿਲਦੀਆਂ ਪ੍ਰਸ਼ਾਸ਼ਨਿਕ ਛੋਟਾਂ ਅਤੇ ਪੂੰਜੀਵਾਦੀ ਸੱਭਿਆਚਾਰ ਦਾ ਪਸਾਰਾ ਹੀ ਹਨ| ਬਹੁਤ ਵਿਦਿਆਰਥੀਆਂ ਵਿੱਚ ਇਹ ਗੱਲ ਘਰ ਕਰ ਗਈ ਹੈ ਕਿ
ਇਹ ਚੋਣਾ ਹੋਣੀਆ ਨਹੀਂ ਚਾਹੀਦੀਆਂ|
ਵਿਦਿਆਰਥੀਆਂ ਦੇ ਇਸ ‘ਨਾਂ’ ਪੱਖੀ
ਰਵੱਈਏ ਦੇ ਕਈ ਕਾਰਨ ਹੋ ਸਕਦੇ ਹਨ ਜਿੰਨਾ ਵਿੱਚੋਂ ਦੋ ਕਾਰਨ ਸਿੱਧੇ ਰੂਪ ਵਿੱਚ ਸਾਡੇ ਸਾਹਮਣੇ
ਆਉਂਦੇ ਹਨ, ਪਹਿਲਾ ਇਹ ਕਿ ਇਹ ਵਿਦਿਆਰਥੀ ਚੋਣਾ ਵਿਦਿਆਰਥੀਆਂ ਦੇ ਵੱਖ-ਵੱਖ ਗਰੁੱਪਾਂ ਵਿੱਚ ਲੜ੍ਹਾਈ
ਦਾ ਅਖ਼ਾੜਾ ਬਣ ਜਾਂਦੀਆਂ ਹਨ (ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਸੱਤਾਧਾਰੀ ਪਾਰਟੀਆਂ ਦੇ ਹੀ ਗੁੰਡਾ
ਗਰੁੱਪ ਹੁੰਦੇ ਹਨ ਜਿੰਨਾ ਨੂੰ ਕਾਲਜ ਜਾਂ ਯੂਨੀਵਰਸਿਟੀ ਪ੍ਰਸ਼ਾਸ਼ਨ ਖੁੱਲ ਦੇ ਕੇ ਰੱਖਦਾ ਹੈ )| ਦੂਜਾ ਕਾਰਨ ਇਹ
ਕਿ ਚੋਣਾਂ ਦੇ ਦਿਨਾਂ ਵਿੱਚ ਕਾਲਜ ਜਾਂ ਯੂਨੀਵਰਸਿਟੀਆਂ ਵੀ ਪੁਲਿਸ ਛਾਉਣੀਆਂ ਵਿੱਚ ਤਬਦੀਲ ਹੋ ਜਾਂਦੀਆਂ ਹਨ ਅਤੇ ਯੂਨੀਵਰਸਿਟੀ ਪ੍ਰਸ਼ਾਸ਼ਨ ਦੁਆਰਾ ਸੋਚ ਸਮਝ ਕੇ ਵਿਦਿਆਰਥੀਆਂ ਨੂੰ ਇਹਨਾਂ ਚੋਣਾ ਤੋਂ ਦੂਰ ਰੱਖਣ ਲਈ ਇਹ ਦਹਿਸ਼ਤ ਭਰਿਆ ਮਾਹੌਲ ਸਿਰਜਿਆ ਜਾਂਦਾ ਹੈ| ਫ਼ਿਰ ਇਸੇ ਮਾਹੌਲ ਨੂੰ ਬਣਾਈ ਰੱਖਣ ਲਈ ਪੁਲਿਸ
ਵਾਰ-ਵਾਰ ਨਾਜ਼ਾਇਜ
ਚੈਕਿੰਗ ਰਾਹੀਂ ਵਿਦਿਆਰਥੀਆਂ ਅਤੇ ਹੋਰ ਯੂਨੀਵਰਸਿਟੀ ਸਟਾਫ਼ ਨੂੰ ਤੰਗ ਕਰਦੀ ਹੈ| ਕਾਲਜ ਜਾਂ ਯੂਨੀਵਰਸਿਟੀ ਪ੍ਰਸ਼ਾਸ਼ਨ ਵੀ ਇਹਨਾਂ ਹੋਣ ਵਾਲੀਆਂ ਲੜਾਈਆਂ ਦਾ ਸਹਾਰਾ ਲੈ ਕੇ ਚੋਣਾ
ਨੂੰ ਬੰਦ ਕਰਾਉਣ ਦੀ ਹੀ ਤਰਜੀਹ ਦਿੰਦਾ ਹੈ| ਤੇ ਫ਼ਿਰ ਇੱਥੋਂ ਹੀ ਵਿਦਿਆਰਥੀ ਯੂਨੀਵਰਸਿਟੀ ਪ੍ਰਸ਼ਾਸ਼ਨ ਨਾਲ ਸਹਿਮਤ ਹੋ ਜਾਂਦੇ ਹਨ| ਪਰ ਇਹ ਕੋਈ ਅਜਿਹੀਆਂ ਸੱਮਸਿਆਵਾਂ
ਨਹੀਂ ਹਨ ਜਿੰਨਾ ਨੂੰ ਪ੍ਰਸ਼ਾਸ਼ਨ ਸੁਧਾਰ ਨਾ ਸਕੇ| ਕਿਉਂਕਿ ਜੇ ਅਜਿਹੀਆਂ ਲੜਾਈਆਂ ਕਰਕੇ ਵਿਦਿਆਰਥੀ
ਚੋਣਾ ਬੰਦ ਹੋਣਗੀਆਂ ਤਾਂ ਦੇਸ਼ ਵਿੱਚ ਪਿੱਛੇ ਜਿਹੇ ਜਿੰਨੇ ਵੱਡੇ ਪੱਧਰ ਤੇ ਦੰਗੇ ਦੇਖਣ ਨੂੰ ਮਿਲੇ
ਹਨ ਤਾਂ ਫੇਰ ਤਾਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾ ਵੀ ਲਾਜ਼ਮੀ ਤੌਰ ਤੇ ਬੰਦ ਹੀ ਕਰ ਦੇਣੀਆ ਚਾਹੀਦੀਆਂ
ਨੇ|