“1857 ਦੇ ਗ਼ਦਰ ਨੂੰ ਬੀਤਿਆਂ 56 ਸਾਲ ਹੋ ਚੁੱਕੇ ਹਨ, ਹੁਣ ਦੂਜੇ ਗ਼ਦਰ ਦੀ
ਸਖ਼ਤ ਜ਼ਰੂਰਤ ਹੈ | ” -- (ਗ਼ਦਰ,1 ਨਵੰਬਰ 1913 )
ਉਪਰੋਕਤ ਸਤਰਾਂ
ਗ਼ਦਰ ਅਖ਼ਬਾਰ ਦੇ ਨਵੰਬਰ 1913 ਦੇ ਪਹਿਲੇ ਅੰਕ ਵਿੱਚ ਛਪੀਆਂ ਸਨ | ਅਪ੍ਰੈਲ 2013 ਵਿੱਚ ਹਿੰਦੁਸਤਾਨੀ ਗ਼ਦਰ ਪਾਰਟੀ ਦੀ ਸਥਾਪਨਾ ਨੂੰ 100 ਸਾਲ ਹੋ ਚੁੱਕੇ ਹਨ ਜਿਸਨੂੰ ਕਿ ਉੱਤਰੀ
ਅਮਰੀਕਾ ਵਿੱਚ ਰਹਿੰਦੇ ਭਾਰਤੀਆਂ ਨੇ ਆਪਣੇ ਦੇਸ਼ ਨੂੰ ਬਰਤਾਨਵੀ ਬਸਤੀਵਾਦ ਤੋਂ ਆਜ਼ਾਦ ਕਰਾਉਣ ਲਈ
ਬਣਾਇਆ ਸੀ | ਗ਼ਦਰ ਲਹਿਰ ਸਾਡੀ ਆਰਥਿਕ ਅਤੇ ਰਾਜਸੀ ਗ਼ੁਲਾਮੀ
ਦੇ ਵਿਰੋਧ ਵਿੱਚੋਂ ਨਿਕਲੀ ਹੋਈ ਲਹਿਰ ਸੀ ਜੋ ਕਿ 1857 ਦੇ ਵਿਦ੍ਰੋਹ ਤੋਂ ਬਹੁਤ ਪ੍ਰਭਾਵਿਤ ਸੀ | ਬਰਤਾਨਵੀ ਹਕੂਮਤ ਦੁਆਰਾ ਬਣਾਈਆਂ ਗਈਆਂ ਲੋਕ
ਵਿਰੋਧੀ ਨੀਤੀਆਂ ਨੇ ਇੱਥੋਂ ਦੀ ਖੇਤੀਬਾੜੀ ਅਤੇ ਘਰੇਲੂ ਉਦਯੋਗ ਨੂੰ ਆਪਣੇ ਹਿੱਤਾਂ ਅਨੁਸਾਰ ਢਾਲਿਆ
ਅਤੇ ਭਾਰਤੀ ਅਰਥਚਾਰੇ ਨੂੰ ਤਬਾਹ ਕੀਤਾ | ਬਰਤਾਨਵੀ ਹਕੂਮਤ ਦੁਆਰਾ ਭਾਰਤ ਦੀ ਇਸ ਬੇਰਹਿਮ ਲੁੱਟ ਨੇ
ਬਹੁਤ ਸਾਰੇ ਗਰੀਬ ਅਤੇ ਬੇਰੁਜ਼ਗਾਰ ਭਾਰਤੀਆਂ ਨੂੰ ਵਿਦੇਸ਼ਾਂ ਵਿੱਚ, ਖ਼ਾਸਕਰ ਅਮਰੀਕਾ ਅਤੇ ਕੈਨੇਡਾ ਦੇ ਨਵੇਂ ਆਬਾਦ
ਹੋ ਰਹੇ ਇਲਾਕਿਆਂ ਵਿੱਚ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ | ਉੱਥੇ ਰਹਿੰਦੇ ਭਾਰਤੀਆ ਨਾਲ ਵੀ ਕੋਈ ਚੰਗਾ
ਸਲੂਕ ਨਹੀਂ ਸੀ ਹੁੰਦਾ, ਕਿਓਂਕਿ ਉੱਥੇ ਵੀ ਉਹਨਾਂ ਨੂੰ ਗ਼ੁਲਾਮ ਦੇਸ਼ ਦੇ ਵਾਸੀ ਹੀ ਕਿਹਾ ਜਾਂਦਾ ਸੀ | ਪਰਵਾਸੀ ਭਾਰਤੀਆਂ ਤੇ ਹੋਰਾਂ ਮੁਲਕਾਂ ਤੋਂ ਆਏ
ਕਾਮਿਆਂ ਨੂੰ ਨਿੱਤ ਹੀ ਵਿਤਕਰੇ ਦਾ ਸਾਹਮਣਾ ਕਰਨਾ ਪੈਂਦਾ, ਜਿੱਥੇ ਜਾਪਾਨ ਤੇ ਚੀਨ ਦੀ ਸਰਕਾਰ ਨੇ ਆਪਣੇ
ਮੁਲਕ ਦੇ ਪ੍ਰਵਾਸੀਆਂ ਲਈ ਆਵਾਜ਼ ਚੁੱਕੀ ਉੱਥੇ ਭਾਰਤੀਆਂ ਲਈ ਗੱਲ੍ਹ ਕਰਨ ਵਾਲਾ ਕੋਈ ਨਹੀਂ ਸੀ, ਇਥੋਂ ਹੀ ਉਹਨਾਂ ਨੂੰ ਇਹ ਸਾਫ਼ ਹੋਇਆ ਕਿ ਆਜ਼ਾਦ
ਮੁਲਕ ਦੇ ਕੀ ਮਾਇਨੇ ਹੁੰਦੇ ਹਨ | ਇੱਥੇ ਅਮਰੀਕਾ ਦੀ ਆਜ਼ਾਦੀ, ਬਰਾਬਰੀ ਅਤੇ ਜਮਹੂਰੀਅਤ ਨੇ ਪਰਵਾਸੀ ਭਾਰਤੀ
ਲੋਕਾਂ ਵਿੱਚ ਇਹ ਚੇਤਨਾ ਜਗਾਈ ਕਿ ਉਹਨਾਂ ਦੀ ਆਜ਼ਾਦੀ ਵੀ ਭਾਰਤ ਦੀ ਆਜ਼ਾਦੀ ਨਾਲ ਹੀ ਜੁੜੀ ਹੋਈ ਹੈ | ਇਸ ਤਰ੍ਹਾਂ ਉਹਨਾਂ ਦੀ ਰਾਜਨੀਤਿਕ ਸਮਝ
ਵਿਕਸਿਤ ਹੋਣ ਲਈ ਆਧਾਰ ਤਿਆਰ ਹੋਇਆ | ਗ਼ਦਰ ਪਾਰਟੀ ਜਾਂ ਗ਼ਦਰੀ ਬਾਬਿਆਂ ਦਾ ਇਤਿਹਾਸ
ਇਹਨਾਂ ਵਿਸ਼ਾਲ ਹੈ ਕਿ ਉਸਨੂੰ ਇੱਕ ਜਾਂ ਦੋ
ਵਰਕਿਆਂ ਵਿੱਚ ਸਮੋਇਆ ਨਹੀਂ ਜਾ ਸਕਦਾ | ਗ਼ਦਰ ਲਹਿਰ ਨੇ ਭਾਰਤੀ ਕੌਮੀ ਮੁਕਤੀ ਸੰਘਰਸ਼ ਵਿੱਚ
ਇਤਿਹਾਸਕ ਤੇ ਬੁਨਿਆਦੀ ਯੋਗਦਾਨ ਪਾਇਆ |
ਗ਼ਦਰ ਦਾ ਮਤਲਬ ਹੁੰਦਾ ਹੈ - ਵਿਦਰੋਹ ਜਾਂ
ਬਗ਼ਾਵਤ | ਗ਼ਦਰ ਲਹਿਰ ਕੋਈ ਰੋਮਾਂਸਵਾਦੀਆਂ ਜਾਂ
ਅਰਾਜਾਕਤਾਵਾਦੀਆਂ ਦੀ ਲਹਿਰ ਨਹੀਂ ਸੀ ਬਲਕਿ ਇਹ ਇੱਕ ਬਾਕਾਇਦਾ ਢੰਗ ਨਾਲ ਸੰਗਠਿਤ ਹੋਇਆ ਰਾਜਸੀ
ਅੰਦੋਲਨ ਸੀ | ਗ਼ਦਰ ਲਹਿਰ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ
ਲਹਿਰ ਦੇ ਬੀਜ ਬੀਜੇ ਜਾ ਚੁੱਕੇ ਸਨ, ਜਿਵੇਂ ਕਿ 1907 ਵਿੱਚ ਛਪਿਆ “ਸਰਕੁਲਰ–ਏ–ਆਜ਼ਾਦੀ” ਨਾਂ ਦਾ ਪਰਚਾ ਅਤੇ 1908 ਵਿੱਚ ਤਰਕਨਾਥ ਦਾਸ ਦੁਆਰਾ ਛਾਪਿਆ “ਫ੍ਰੀ ਹਿੰਦੁਸਤਾਨ” ਨਾਂ ਦਾ ਮੈਗਜ਼ੀਨ | 1912 ਦੇ
ਸ਼ੁਰੂ ਵਿੱਚ ਪੋਰਟਲੈਂਡ ਵਿੱਚ ਇੱਕ ਵੱਡਾ ਇੱਕਠ ਕੀਤਾ ਗਿਆ ਅਤੇ ਉੱਥੇ ਸਰਬ-ਸੰਮਤੀ ਨਾਲ ‘ਹਿੰਦੀ ਅਸੋਸੀਏਸ਼ਨ ਆਫ਼ ਪੈਸਿਫ਼ਿਕ ਕੋਸਟ ’ ਨਾਮ ਦੀ ਪਾਰਟੀ
ਗਠਨ ਕੀਤੀ ਗਈ, ਸੋਹਨ ਸਿੰਘ ਭਕਨਾ ਨੂੰ ਇਸਦਾ ਪ੍ਰਧਾਨ ਅਤੇ ਲਾਲਾ
ਹਰਦਿਆਲ ਨੂੰ ਇਸਦਾ ਜਨਰਲ ਸਕੱਤਰ ਐਲਾਨਿਆ ਗਿਆ ਸੀ | ਲਾਲਾ ਹਰਦਿਆਲ ‘ਗ਼ਦਰ’ ਅਖ਼ਬਾਰ ਦੇ ਸੰਪਾਦਕ ਵੀ ਸਨ | ਬਾਅਦ ਵਿੱਚ ਇਸਦਾ ਨਾਮ ਹਿੰਦੁਸਤਾਨੀ ਗ਼ਦਰ
ਪਾਰਟੀ ਰੱਖਿਆ ਗਿਆ ਸੀ | ਇਸ ਲਹਿਰ ਦੇ ਵਿੱਚ ਕਈ ਹੋਰ ਵੀ ਪ੍ਰਸਿੱਧ ਨੇਤਾ ਸਨ ਜਿਵੇਂ ਕਿ ਗ਼ੁਲਾਬ ਕੌਰ, ਭਾਈ ਬਲਵੰਤ
ਸਿੰਘ ਖ਼ੁਰਦਪੁਰ, ਹਰਨਾਮ ਸਿੰਘ ਸਾਹਰੀ, ਤਰਕਨਾਥ ਦਾਸ, ਭਾਈ ਜਵਾਲਾ ਸਿੰਘ, ਪੰਡਿਤ ਕਾਂਸ਼ੀ ਰਾਮ, ਭਾਈ ਭਗਵਾਨ ਸਿੰਘ, ਰਾਮ ਚੰਦ੍ਰਾ, ਮੌਲਵੀ ਮੁਹੰਮਦ ਬਰਕਾਤੁੱਲ੍ਹਾ, ਹੁਸੈਨ ਰਹੀਮ, ਕਰਤਾਰ ਸਿੰਘ ਸਰਾਭਾ ਆਦਿ | ਗ਼ਦਰੀਆਂ ਨੇ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਾ ਕੇ ਉੱਥੇ ਵਸ ਰਹੇ ਭਾਰਤੀਆਂ ਨੂੰ ਇਕੱਠੇ ਹੋਣ ਦਾ ਸੱਦਾ
ਦਿੱਤਾ |
ਗ਼ਦਰ ਲਹਿਰ ਦੀ ਵਿਚਾਰਧਾਰਾ: ਲਾਲਾ ਹਰਦਿਆਲ ਦੀ ਅਗਵਾਈ ਹੇਠ ਭਾਰਤੀਆਂ ਨੂੰ
ਸੰਗਠਿਤ ਕਰਨ ਲਈ 1 ਨਵੰਬਰ, 1913 ਨੂੰ ‘ਗ਼ਦਰ’ ਨਾਮਕ ਅਖ਼ਬਾਰ ਕੱਢਣਾ ਸ਼ੁਰੂ ਕੀਤਾ ਗਿਆ | ਗ਼ਦਰ ਲਹਿਰ ਦੀ ਲੋਕਪ੍ਰਿਅਤਾ ਵਿੱਚ ਗ਼ਦਰ ਅਖ਼ਬਾਰ
ਦਾ ਮਹੱਤਵਪੂਰਣ ਯੋਗਦਾਨ ਸੀ | ਪਹਿਲਾ ਅਖ਼ਬਾਰ ਉਰਦੂ ਵਿੱਚ ਕੱਢਿਆ ਗਿਆ ਅਤੇ ਬਾਦ ਵਿੱਚ ਇਹ ਪੰਜਾਬੀ, ਬੰਗਾਲੀ, ਹਿੰਦੀ, ਗੁਜਰਾਤੀ ਅਤੇ ਨੇਪਾਲੀ ਆਦਿ ਵਿੱਚ ਛਪਣ ਲੱਗਾ | ’ਗ਼ਦਰ’ ਦੇ ਪਹਿਲੇ ਅੰਕ ਵਿੱਚ ਹੀ ਇਹ ਦੱਸਦੇ 14 ਨੁਕਤੇ ਛਾਪੇ ਗਏ ਕਿ ਕਿਸ ਤਰ੍ਹਾਂ ਬਰਤਾਨਵੀ
ਰਾਜ ਹੀ ਭਾਰਤੀਆਂ ਦੀ ਦੁਰਦਸ਼ਾ ਦਾ ਮੁੱਖ ਕਾਰਣ ਹੈ | ਆਪਣੇ ਮੁੱਢ ਤੋਂ ਹੀ ਗ਼ਦਰੀ ਇਸ ਵਿਚਾਰ ਤੇ ਸਹਿਮਤ
ਸਨ ਕਿ ਸਾਮਰਾਜੀ ਤਾਕਤਾਂ ਅੱਗੇ ਅਪੀਲਾਂ ਜਾਂ ਦਰਖਾਸਤਾਂ ਨਾਲ ਆਜ਼ਾਦੀ ਨਹੀਂ ਮਿਲਣ ਲੱਗੀ | ਸਗੋਂ ਇਸ ਲਈ
ਵੱਡੇ ਪੱਧਰ ਤੇ ਭਾਰਤ ਦੇ ਲੋਕਾਂ ਨੂੰ ਲਾਮਬੰਦ ਕਰਕੇ ਹਥਿਆਰਬੰਦ ਬਗ਼ਾਵਤ ਰਾਹੀਂ ਹੀ ਸਾਮਰਾਜੀ
ਜੋਕਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ | ਗ਼ਦਰੀ ਇਹ ਸਪਸ਼ਟ ਰੂਪ ਵਿੱਚ ਪ੍ਰਚਾਰਦੇ ਸਨ ਕਿ ਭਾਰਤੀਆਂ
ਨੂੰ ਪੂਰਨ ਆਜ਼ਾਦੀ ਤੋਂ ਘੱਟ ਕੁਝ ਵੀ ਮਨਜ਼ੂਰ ਨਹੀਂ ਹੋਣਾ ਚਾਹੀਦਾ | ਉਹਨਾਂ ਨੇ ਬਰਤਾਨਵੀ ਰਾਜ ਦੇ ਮੁਕੰਮਲ ਖਾਤਮੇ
ਦਾ ਨਾਅਰਾ ਦਿੱਤਾ | ਗ਼ਦਰੀਆਂ ਨੇ ਸੱਚੇ ਤੇ ਖਰ੍ਹੇ ਕੌਮਵਾਦ ਦੇ
ਸੰਕਲਪ ਨੂੰ ਸਾਹਮਣੇ ਰੱਖਿਆ ਤੇ ਲਾਗੂ ਕੀਤਾ | ਉਹਨਾਂ ਅਨੁਸਾਰ ਇੰਡੀਅਨ ਨੈਸ਼ਨਲ ਕਾਂਗਰਸ (INC) ਦੇ ਲੀਡਰ ਇਨਕਲਾਬ
ਲਈ ਨਹੀਂ ਸਗੋਂ ਕੁਝ ਛੋਟੇ ਸੁਧਾਰਾਂ ਉੱਤੇ ਹੀ ਸਮਝੌਤੇ ਤੱਕ ਸੀਮਤ ਸਨ |
ਗ਼ਦਰ ਲਹਿਰ ਦੀ ਇਹ ਬਹੁਤ ਵੱਡੀ ਰਾਜਨੀਤਿਕ
ਪ੍ਰਾਪਤੀ ਸੀ ਕਿ ਇਸ ਵਿੱਚ ਬਹੁ-ਗਿਣਤੀ ਪੰਜਾਬੀਆਂ ਦੀ ਹੋਣ ਦੇ ਬਾਵਜੂਦ ਵੀ ਇਸ ਨੇ
ਹਮੇਸ਼ਾ ਸਮੁੱਚੇ ਭਾਰਤੀ ਲੋਕਾਂ ਦੀ ਮੁਕਤੀ ਦੀ ਗੱਲ ਕੀਤੀ ਸੀ | ਗ਼ਦਰ ਲਹਿਰ ਉਸ ਸਮੇਂ ਪੂਰੇ ਸੰਸਾਰ ਵਿੱਚ ਚੱਲ
ਰਹੀਆਂ ਕੌਮੀ ਮੁਕਤੀ ਲਹਿਰਾਂ ਤੋਂ ਪ੍ਰਭਾਵਿਤ ਹੋਣ ਕਰਕੇ ਧਰਮ, ਰੰਗ, ਜਾਤ-ਪਾਤ ਅਤੇ ਖੇਤਰਵਾਦ ਦੇ ਮਾਮਲੇ ਤੋਂ ਉੱਪਰ
ਉੱਠੀ ਹੋਈ ਸੀ | ਇਸੇ ਕਰਕੇ ਇਸ ਵਿੱਚ ਇੱਕੋ ਸਮੇਂ ਪੰਜਾਬੀ, ਬੰਗਾਲੀ, ਤਾਮਿਲ, ਮਰਾਠੀ ਆਦਿ ਸ਼ਾਮਿਲ ਸਨ | ਗ਼ਦਰ ਦੇ ਵਿਧਾਨ ਮੁਤਾਬਿਕ ਧਰਮ ਨੂੰ ਨਿੱਜੀ
ਮਸਲਾ ਕਿਹਾ ਗਿਆ ਅਤੇ ਜਿਹੜਾ ਆਦਮੀ ਜਾਤ-ਪਾਤ ਜਾਂ ਛੂਆਛਾਤ ਵਿੱਚ ਵਿਸ਼ਵਾਸ ਰੱਖਦਾ ਹੈ, ਉਹ ਪਾਰਟੀ ਦਾ ਮੈਂਬਰ ਨਹੀਂ ਸੀ ਬਣ ਸਕਦਾ |
1914 ਵਿੱਚ ਪਹਿਲੀ ਵਿਸ਼ਵ ਜੰਗ ਲੱਗਣ ਅਤੇ ਬਰਤਾਨੀਆ ਦੇ ਇਸ
ਵਿੱਚ ਉਲਝੇ ਹੋਣ ਦੇ ਆਸਾਰਾਂ ’ਤੇ ਗ਼ਦਰੀਆਂ ਨੇ ਇਸ ਜੰਗ ਨੂੰ ਇੱਕ ਚੰਗੇ ਮੌਕੇ ਦੇ ਤੌਰ ਤੇ
ਵਰਤ ਕੇ ਭਾਰਤੀ ਫੌਜ ਦੁਆਰਾ ਬਰਤਾਨਵੀ ਸੱਤਾ ਵਿਰੁੱਧ ਬਗ਼ਾਵਤ ਕਰਨ ਦਾ ਉਪਰਾਲਾ ਕੀਤਾ | ਅੰਦਾਜ਼ਿਆਂ ਅਨੁਸਾਰ
ਤਕਰੀਬਨ 8000 ਗ਼ਦਰੀ
ਵਿਦ੍ਰੋਹ ਕਰਨ ਲਈ 1916 ਵਿੱਚ ਭਾਰਤ ਪਹੁੰਚੇ | ਪਰ ਬਰਤਾਨਵੀ ਸੱਤਾ ਨੇ ਬਾਹਰੋਂ ਆਉਂਦੇ ਗ਼ਦਰੀਆਂ ਤੇ ਹੋਰ ਇਨਕਲਾਬੀਆਂ ਨੂੰ ਕੁਚਲਣ ਲਈ 1914 ਵਿੱਚ ਇੱਕ ਆਰਡੀਨੈਂਸ ਜਾਰੀ ਕੀਤਾ ਜਿਸ
ਅਨੁਸਾਰ ਸਰਕਾਰ ਬਾਹਰੋਂ ਆਉਂਦੇ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੀ ਸੀ ਚਾਹੇ ਉਹ ਭਾਰਤੀ
ਨਾਗਰਿਕ ਹੀ ਕਿਓਂ ਨਾ ਹੋਵੇ| ਕਾਮਾਗਾਟਾ ਮਾਰੂ ਜਹਾਜ਼ ਦੇ ਯਾਤਰੀ ਇਸੇ ਆਰਡੀਨੈਂਸ ਦੇ ਪਹਿਲੇ ਸ਼ਿਕਾਰ ਬਣੇ | ਇਸ ਜਹਾਜ਼ ਉੱਪਰ ਕੈਨੇਡਾ ਸਰਕਾਰ ਵਲੋਂ ਬੇਰੰਗ
ਪਰਤਾਏ ਗਏ 356 ਯਾਤਰੀ ਸਨ | ਇਹ ਯਾਤਰੀ ਕੈਨੇਡਾ ਅਤੇ ਅਮਰੀਕਾ ਸਰਕਾਰ
ਦੁਆਰਾ ਬਣਾਏ ਗਏ ਉਹਨਾਂ ਨਿਯਮਾਂ ਦੀ ਭੇਂਟ ਚੜੇ ਜੋ ਕਿ ਏਸ਼ੀਆਈ ਲੋਕਾਂ ਨੂੰ ਇਹਨਾਂ ਮੁਲਕਾਂ ਤੋਂ ਬਾਹਰ ਰੱਖਣ ਲਈ ਬਣਾਏ ਗਏ ਸਨ | ਭਾਰਤ ਪਰਤਣ ਬਾਅਦ ਇਹਨਾਂ ਵਿਚੋਂ ਬਹੁਤੇ
ਯਾਤਰੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ 40 ਤੋਂ ਵੱਧ ਕਲਕੱਤੇ ਹੋਈ ਗੋਲੀਬਾਰੀ ਵਿੱਚ ਮਾਰੇ ਗਏ| ਇਸ ਸਭ ਦੌਰਾਨ ਤਕਰੀਬਨ 2000 ਗ਼ਦਰੀ ਗ੍ਰਿਫਤਾਰੀ ਤੋਂ ਬਚਣ ਵਿੱਚ ਕਾਮਯਾਬ
ਰਹੇ | ਇਹਨਾਂ
ਵਿੱਚ 18 ਵਰ੍ਹਿਆਂ ਦਾ ਨੌਜਵਾਨ ਕਰਤਾਰ ਸਿੰਘ ਸਰਾਭਾ ਵੀ
ਸੀ | ਬਾਅਦ ਵਿੱਚ ਇਹਨਾਂ ਨੇ ਬਚੇ ਹੋਏ ਗ਼ਦਰੀਆਂ ਨੂੰ ਲਾਮਬੰਦ ਕੀਤਾ ਅਤੇ ਗ਼ਦਰ ਨੂੰ
ਸਿਰੇ ਚਾੜਨ ਲਈ ਕੁਝ ਭਾਰਤੀ ਇਨਕਲਾਬੀਆਂ ਨਾਲ ਰਾਬਤਾ ਕਾਇਮ ਕੀਤਾ ਅਤੇ ਬਰਤਾਨਵੀ ਭਾਰਤੀ ਫੌਜ ਵਿੱਚ
ਗ਼ਦਰ ਕਰਨ ਲਈ ਆਪਣੇ ਦਸਤੇ ਬਣਾਉਣੇ ਸ਼ੁਰੂ ਕੀਤੇ | ਪਹਿਲਾਂ ਕੀਤੀ ਯੋਜਨਾ ਦੀ ਬਜਾਏ ਬਗ਼ਾਵਤ ਦੀ ਮਿਤੀ 19 ਫ਼ਰਵਰੀ, 1915 ਮਿੱਥੀ ਗਈ ਕਿਓਂਕਿ
ਬਰਤਾਨਵੀ ਹਕੂਮਤ ਨੂੰ ਉਸ ਤਰੀਕ ਦਾ ਪਤਾ ਲੱਗ ਗਿਆ ਸੀ | ਪਰ ਕਿਰਪਾਲ ਸਿੰਘ ਨਾਂ ਦੇ ਵਿਅਕਤੀ ਵਲੋਂ ਇਸ
ਤਰੀਕ ਦੀ ਵੀ ਮੁਖ਼ਬਰੀ ਕਰ ਦਿੱਤੀ ਗਈ | ਇਸ ਤਰ੍ਹਾਂ ਬਰਤਾਨਵੀ ਸਰਕਾਰ ਨੇ ਗ਼ਦਰੀਆਂ ਦੀ ਹਮਾਇਤ
ਵਾਲੀਆਂ ਟੁਕੜੀਆਂ ਤੋਂ ਹਥਿਆਰ ਖੋਹ ਲਏ ਅਤੇ ਕੋਰਟ ਮਾਰਸ਼ਲ ਕਰ ਦਿੱਤੇ ਗਏ| ਇਸ ਤਰ੍ਹਾਂ ਵਿਦ੍ਰੋਹ ਦੀ ਇਹ ਕੋਸ਼ਿਸ਼ ਨਾਕਾਮ
ਹੋ ਗਈ | ਜੋ ਵੀ ਬਰਤਾਨਵੀ ਸਰਕਾਰ ਦੇ ਹੱਥੇ ਚੜਿਆ
ਉਸਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ ਗਿਆ| ਕਈ ਸੌ ਗਦਰੀ ਫਾਂਸੀ ਚਾੜੇ ਗਏ ਅਤੇ ਕਈ ਸੌ ਹੋਰ
ਜੇਲ਼੍ਹਾਂ ਵਿੱਚ ਸੁੱਟ ਦਿੱਤੇ ਗਏ |
ਗ਼ਦਰ ਦੇ ਨਾਕਾਮ ਹੋਣ ਤੋਂ ਬਾਅਦ ਵੀ ਗਦਰੀਆਂ ਨੇ ਹੌਂਸਲਾ ਨਹੀਂ ਹਾਰਿਆ ਅਤੇ ਹਾਲਾਤਾਂ ਦਾ ਹੋਰ ਚੰਗੀ ਤਰ੍ਹਾਂ ਨਿਰੀਖਣ ਕਰਦੇ ਹੋਏ ਅੱਗੇ ਵਧੇ | ਉਹ 1917 ਦੀ ਰੂਸ ਦੀ ਕ੍ਰਾਂਤੀ ਤੋਂ ਬਹੁਤ ਪ੍ਰਭਾਵਿਤ ਸਨ ਜਿੱਥੇ ਕਮਿਊਨਿਸਟ ਪਾਰਟੀ ਦੁਆਰਾ ‘ਜ਼ਾਰ’ ਦੀ ਤਾਨਾਸ਼ਾਹੀ ਨੂੰ ਖ਼ਤਮ ਕਰਕੇ ਮਜ਼ਦੂਰਾਂ ਦਾ ਰਾਜ ਸਥਾਪਿਤ ਕੀਤਾ ਗਿਆ ਸੀ | ਇਸੇ ਕ੍ਰਾਂਤੀ ਤੋਂ ਹੋਰ ਸਿੱਖਣ ਲਈ ਅਤੇ ਮਿਲਟਰੀ ਟ੍ਰੇਨਿੰਗ ਲਈ ਬਹੁਤ ਸਾਰੇ ਭਾਰਤੀਆਂ ਨੂੰ ਰੂਸ ਭੇਜਿਆ ਗਿਆ | ਉੱਥੋਂ ਵਾਪਿਸ ਪਰਤੇ ਗ਼ਦਰੀਆਂ ਵਲੋਂ ‘ਕਿਰਤੀ’ ਨਾਂ ਦਾ ਅਖ਼ਬਾਰ ਸ਼ੁਰੂ ਕੀਤਾ ਗਿਆ ਜਿਸਦਾ ਨਾਅਰਾ ਸੀ - ਦੁਨੀਆਂ ਦੇ ਮਜ਼ਦੂਰੋਂ ਇੱਕ ਹੋਵੋ | ਇਹ ਮਜ਼ਦੂਰਾਂ ਤੇ ਕਿਸਾਨਾਂ ਨੂੰ ਬਰਤਾਨਵੀ ਹਕੂਮਤ ਦੇ ਖਿਲਾਫ਼ ਲਾਮਬੰਦ ਹੋ ਕੇ ਸੰਘਰਸ਼ ਦਾ ਰਾਹ ਦਿਖਾਉਂਦਾ ਸੀ ਅਤੇ ਹਕੂਮਤ ਦੀਆਂ ਨੀਤੀਆਂ ਨੂੰ ਲੋਕਾਂ ਵਿੱਚ ਨੰਗਾ ਕਰਦਾ ਸੀ ਅਤੇ ਹਰ ਤਰ੍ਹਾਂ ਦੇ ਲੋਕ ਸੰਘਰਸ਼ਾਂ ਦੀ ਹਾਮੀ ਭਰਦਾ ਸੀ |
ਗ਼ਦਰ ਦੀ ਅੱਜ ਦੇ ਸਮੇਂ ਵਿੱਚ ਸਾਰਥਕਤਾ: ਗ਼ਦਰ ਦੀ ਦਾਸਤਾਨ ਲਾਜ਼ਮੀ ਰੂਪ ਵਿੱਚ ਦੇਸ਼ ਦੀ ਮੁਕਤੀ
ਨੂੰ ਬਰਾਬਰਤਾ, ਇਨਸਾਫ਼
ਅਤੇ ਲੁੱਟ ਅਤੇ ਦਾਬੇ ਤੋਂ ਮੁਕਤੀ ਨਾਲ ਜੋੜਨ ਦੀ ਦਾਸਤਾਨ
ਹੈ | ਗ਼ਦਰ ਦੀ ਵਿਰਾਸਤ ਨੂੰ ਯਾਦ ਰੱਖਣ ਅਤੇ ਇਸ ਤੋਂ ਸਬਕ ਲੈਣ ਦੀ ਅੱਜ ਦੇ ਸਮੇਂ ਵਿੱਚ
ਵੀ ਬਹੁਤ ਜਰੂਰਤ ਹੈ | ਅੱਜ ਵੀ ਜਦੋਂ ਮਹਿੰਗਾਈ ਅਤੇ ਬੇਰੁਜ਼ਗਾਰੀ ਸਭ
ਹੱਦਾਂ ਟੱਪ ਚੁੱਕੀ ਹੈ, ਲੋਕਾਂ ਦੀ ਆਰਥਿਕ ਹਾਲਤ ਦਿਨੋਂ ਦਿਨ ਨਿੱਘਰ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਭਾਰਤੀ
ਨੌਜਵਾਨ ਰੁਜ਼ਗਾਰ ਦੀ ਭਾਲ ਵਿੱਚ ਵਿਦੇਸ਼ਾਂ ਨੂੰ ਜਾ ਰਹੇ ਹਨ, ਕਰਜ਼ੇ ਹੇਠ ਕਿਸਾਨ ਖੁਦਕੁਸ਼ੀਆਂ ਕਰ ਰਹੇ
ਹਨ ਤੇ ਮਜ਼ਦੂਰ ਲਈ ਰੋਟੀ ਦਾ ਮਸਲਾ ਹੀ ਪਹਿਲਾ ਸਵਾਲ ਬਣਿਆ ਹੋਇਆ ਹੈ, ਸਿੱਖਿਆ ਤੇ ਸਿਹਤ ਸਹੂਲਤਾਂ ਦਾ ਤਾਂ ਸਵਾਲ ਹੀ ਹਾਸ਼ੀਏ
‘ਤੇ ਹੈ ਅਤੇ ਅੱਜ ਵੀ ਸਰਕਾਰਾਂ ਲੋਕਾਂ ਦੀ ਲੁੱਟ-ਖਸੁੱਟ ਕਰਨ ਤੇ ਲੱਗੀਆਂ ਹੋਈਆਂ ਹਨ | ਸੌ ਸਾਲ ਬਾਦ ਵੀ ਗ਼ਦਰ ਲਹਿਰ ਉਹਨਾਂ ਸਾਰੇ ਭਾਰਤੀਆਂ ਲਈ ਪ੍ਰੇਰਨਾ ਦਾ ਸੋਮਾ
ਹੈ ਜੋ ਅੱਜ ਵੀ ਲੋਕਾਂ ਦੇ ਹਿੱਤ ਵਿੱਚ ਸਮਾਜ ਨੂੰ ਬਦਲਣਾ ਚਾਹੁੰਦੇ ਹਨ | ਅੱਜ ਜਦੋਂ ਉਦਾਰੀਕਰਨ-ਨਿੱਜੀਕਰਨ-ਵਿਸ਼ਵੀਕਰਨ ਦੇ ਨਾਮ ਹੇਠ ਸਾਡੇ ਦੇਸ਼ ਦੇ
ਕੁਦਰਤੀ ਵਸੀਲਿਆਂ ਨੂੰ ਬਾਹਰਲੇ ਅਤੇ ਆਪਣੇ ਮੁਲਕ ਦੇ ਕਾਰਪੋਰੇਟਾਂ ਨੂੰ ਵੇਚਿਆ ਜਾ ਰਿਹਾ ਹੈ, ਲੋਕਾਂ ਨੂੰ ਮਿਲੀਆਂ ਸਹੂਲਤਾਂ ਦਾ ਨਿੱਜੀਕਰਨ
ਕੀਤਾ ਜਾ ਰਿਹਾ ਹੈ ਅਤੇ ਮੁਲਕ ਦੀਆਂ ਨੀਤੀਆਂ ਹੀ ਲੋਕ ਵਿਰੋਧੀ ਲੀਹਾਂ ‘ਤੇ ਹਨ ਤਾਂ ਗ਼ਦਰ ਦੀ ਸਾਰਥਕਤਾ ਹੋਰ ਉੱਘੜਕੇ
ਸਾਹਮਣੇ ਆਉਂਦੀ ਹੈ|
ਗ਼ਦਰੀ ਸਿਰਫ਼ ਰਾਜ ਪਲਟੇ ਰਾਹੀਂ ਬਰਤਾਨਵੀ
ਹੁਕਮਰਾਨਾਂ ਨੂੰ ਕੱਢਣ ਤੱਕ ਸੀਮਿਤ ਨਹੀਂ ਸਨ ਸਗੋਂ ਗ਼ਦਰੀ ਸ਼ਹੀਦਾਂ ਨੇ ਇੱਕ ਅਜਿਹਾ ਸਮਾਜ ਸਿਰਜਣ
ਦੀ ਕੋਸ਼ਿਸ਼ ਕੀਤੀ ਸੀ ਜਿਸ ਵਿੱਚ ਲੋਕ ਜਾਤ-ਪਾਤ, ਧਰਮ, ਨਸਲ ਜਾਂ ਰੰਗ ਦੇ ਨਾਮ ਤੇ ਵੰਡੇ ਹੋਏ ਨਹੀਂ ਹੋਣਗੇ
ਸਗੋਂ ਲੋਕ ਬਰਾਬਰੀ ਅਤੇ ਲੁੱਟ ਖੁਸੱਟ ਰਹਿਤ ਸਮਾਜ ਵਿੱਚ ਜਿਉਣਗੇ | ਅੱਜ ਵੀ ਜਦੋਂ ਜਾਤੀਵਾਦ, ਲੁੱਟ ਅਤੇ ਜ਼ਬਰ ਦਾ
ਇੱਕ ਆਧਾਰ ਬਣਿਆ ਹੋਇਆ ਹੈ ਅਤੇ ਧਰਮ ਦੇ ਨਾਂ ਹੇਠ ਸਿਆਸੀ ਧਿਰਾਂ ਲੋਕਾਂ ਨੂੰ ਪਾੜ ਰਹੀਆਂ ਹਨ | ਅੱਜ ਅਜਿਹੀ ਲੋਕ ਵਿਰੋਧੀ ਰਾਜਨੀਤੀ ਨੂੰ ਹੀ
ਕੌਮਵਾਦ ਦਾ ਨਾਂ ਦਿੱਤਾ ਜਾ ਰਿਹਾ ਹੈ ਜੋ ਉਂਝ ਤਾਂ ‘ਤਰੱਕੀ’ ਦੇ ਨਾਂ ਹੇਠ ਮੁਲਕ ਦੇ ਕੁਦਰਤੀ
ਸਰੋਤਾਂ ਤੇ ਕਿਰਤ ਸ਼ਕਤੀ ਨੂੰ ਵਿਦੇਸ਼ੀ ਕੰਪਨੀਆਂ ਨੂੰ ਨਾ ਮਾਤਰ ਕੀਮਤਾਂ ‘ਤੇ ਲੁਟਾਉਂਦੀ ਹੈ ਅਤੇ
ਦੂਜੇ ਪਾਸੇ ਇਸ ਲੁੱਟ ਅਤੇ ਦੂਜੇ ਪਾਸੇ ਸੱਤਾ ਦੇ ਜ਼ਬਰ ਉਲਟ ਉੱਠਦੀ ਹਰ ਆਵਾਜ਼ ਨੂੰ ਦੇਸ਼-ਵਿਰੋਧੀ
ਕਰਾਰ ਦਿੰਦੀ ਹੈ | ਮਤਲਬ ਸਾਫ਼ ਹੈ ਕਿ ਅੱਜ ਦਾ ਸਮਾਜ ਗ਼ਦਰੀ ਸ਼ਹੀਦਾਂ ਦੇ ਸੁਪਨੇ ਤੋਂ ਕਿੰਨਾ ਦੂਰ
ਹੈ | ਇਹਨਾਂ ਹਾਲਾਤਾਂ ਅੰਦਰ ਗ਼ਦਰ ਲਹਿਰ ਸਾਨੂੰ
ਦੇਸ਼ ਭਗਤੀ ਦੇ ਅਸਲ ਅਰਥਾਂ ਨਾਲ ਜੋੜਦੀ ਹੈ ਜੋ ਕਿ ਮੁਲਕ ਅੰਦਰਲੀ ਦੱਬੀ ਤੇ ਲੁੱਟੀ ਜਾ ਰਹੀ ਕਿਰਤੀ
ਜਨਤਾ ਦੇ ਹੱਕਾਂ ਲਈ ਲੜਨ ਨਾਲ ਜੁੜੇ ਹਨ | ਗ਼ਦਰ ਲਹਿਰ ਨੂੰ ਯਾਦ ਕਰਨ ਲੱਗਿਆਂ ਸਿਰਫ਼ ਦਲੇਰੀ, ਸ਼ਹੀਦੀਆਂ, ਕੁਰਬਾਨੀਆਂ ਦੇ ਜਜ਼ਬਾਤਾਂ ਵਿੱਚ ਵਹਿਣਾ ਕਾਫ਼ੀ
ਨਹੀਂ, ਲੋੜ ਇਸ ਗੱਲ ਨੂੰ ਸਮਝਣ ਦੀ ਹੈ ਕਿ ਇਸ ਜਾਨ
ਵਾਰੂ ਹੋਂਸਲੇ ਦੇ ਪਿੱਛੇ ਉਹਨਾਂ ਦੇਸ਼ ਭਗਤਾਂ ਦੇ ਸੁਪਨੇ, ਸੋਚ, ਵਿਚਾਰ ਕੀ ਸਨ | ਅੱਜ ਕਰਜ਼ੇ ਹੇਠ ਦੱਬੇ ਕਿਸਾਨਾਂ ਦੇ ਜਾਂ
ਆਪਣੀ ਸਮੁੱਚੀ ਹੋਂਦ ਨੂੰ ਬਚਾਉਣ ਲਈ ਆਦਿਵਾਸੀਆਂ ਦੇ ਸੰਘਰਸ਼, ਨੌਕਰੀਆਂ ਲਈ ਲੜਦੇ ਬੇਰੁਜ਼ਗਾਰ ਅਤੇ ਆਪਣੇ
ਹੱਕਾਂ ਲਈ ਲੜ ਰਹੇ ਮਜਦੂਰ, ਗ਼ਦਰ ਦੇ ਉਸੇ ਸੰਘਰਸ਼ ਦੀ ਇੱਕ ਝਲਕ ਹਨ | ਗ਼ਦਰ ਦੀ ਇਸ ਦਾਸਤਾਨ ਨੂੰ ਉਦੋਂ ਤੱਕ
ਦੁਹਰਾਉਂਦੇ ਰਹਿਣਾ ਪਵੇਗਾ ਜਦੋਂ ਤੱਕ ਇਹ ਆਪਣੇ ਅਸਲੀ ਮੁਕਾਮ ਤੇ ਨਹੀਂ ਪੁੱਜ ਜਾਂਦਾ | ਤੇ ਉਦੋਂ ਤੱਕ “ਗ਼ਦਰ ਜਾਰੀ ਹੈ”.....