SFS 2nd Conference

SFS 2nd Conference

Thursday, August 15, 2013

ਪੰਜਾਬ ਯੂਨੀਵਰਸਿਟੀ ਦੇ 'ਫਰੈਸ਼ਰਜ਼' (Freshers) ਦੇ ਨਾਮ

ਜਿਵੇਂ ਕਿ ਸਿਰਲੇਖ ਤੋਂ ਹੀ ਸਾਫ਼ ਹੈ ਕਿ ਅਸੀਂ ਫਰੈਸ਼ਰਜ਼ ਨੂੰ ਸੰਬੋਧਿਤ ਹੋਣਾ ਚਾਹੁੰਦੇ ਹਾਂ, ਜਿਨ੍ਹਾਂ ਤੋਂ ਸਾਡਾ ਮਤਲਬ ਸਿਰਫ ਨਵੇਂ ਵਿਦਿਆਰਥੀਆਂ ਤੋਂ ਨਹੀਂ ਸਗੋਂ ਉਹਨਾਂ ਤੋਂ ਹੈ ਜੋ ਕਿ ਆਪਣੀ ਪੜ੍ਹਾਈ ਪੂਰੀ ਕਰਕੇ ਆਪਣੀ ਯੋਗਤਾ ਅਤੇ ਸਮਝਦਾਰੀ ਨੂੰ ਨਿੱਜੀ ਹਿੱਤਾਂ ਦੀ ਪੂਰਤੀ ਲਈ ਨਹੀਂ ਸਗੋਂ ਲੋਕਾਂ ਨੂੰ ਲੁੱਟ ਖਸੁੱਟ ਤੇ ਦਾਬੇ ਤੋਂ ਮੁਕਤ ਕਰਨ ਲਈ ਵਰਤਣਾ ਚਾਹੁੰਦੇ ਹਨ।ਉਹ ਵਿਦਿਆਰਥੀ ਜੋ ਇਹ ਜਾਣਦੇ ਹਨ ਕਿ ਜਿਹੜੀਆਂ ਸੁਵਿਧਾਵਾਂ ਇਹ ਢਾਂਚਾ ਉਹਨਾਂ ਨੂੰ ਦੇ ਰਿਹਾ ਹੈ, ਉਹਨਾਂ ਕਿਰਤੀ ਲੋਕਾਂ ਦੀ ਹੀ ਪੈਦਾਵਾਰ ਹੈ ਜੋ ਖ਼ੁਦ ਜ਼ਿੰਦਗੀ ਨੂੰ ਬਹੁਤ ਮਾੜੀਆਂ ਹਾਲਤਾਂ ਵਿੱਚ ਜਿਉਣ ਲਈ ਮਜਬੂਰ ਹਨ।

        ਫਰੈਸ਼ਰਜ਼ ਤੋਂ ਸਾਡਾ ਭਾਵ ਸਿਰਫ਼ ਉਹਨਾਂ ਵਿਦਿਆਰਥੀਆਂ ਤੋਂ ਨਹੀਂ ਜੋ ਹੁਣੇ ਯੂਨੀਵਰਸਿਟੀ ਵਿਚ ਨਵੇਂ ਆਏ ਹਨ ਬਲਕਿ ਉਹਨਾਂ ਸਾਰੇ ਵਿਦਿਆਰਥੀਆਂ ਤੋਂ ਹੈ ਜੋ ਕਿ ਹਾਕਮ ਜਮਾਤਾਂ ਦੇ ਨਿੱਜਵਾਦੀ ਪ੍ਰਚਾਰ 'ਚ ਫਸ ਕੇ ਮਤਲਬੀ ਹੋਣ ਤੱਕ ਨਹੀਂ ਗਰਕੇ, ਉਹ ਵਿਦਿਆਰਥੀ ਜੋ ਅਜੇ ਖ਼ੁਦ ਨੂੰ ਅਤੇ ਸਮਾਜ ਨੂੰ, ਸਭ ਦੇ ਹਿੱਤ ਲਈ ਬਦਲਣ ਨੂੰ ਤਿਆਰ ਹਨ।ਅਸੀਂ ਉਹਨਾਂ ਸਾਰਿਆਂ ਦਾ ਇਸ ਸੰਘਰਸ਼ ਦੀ ਦੁਨੀਆਂ 'ਚ ਸਵਾਗਤ ਕਰਦੇ ਹਾਂ, ਉਹ ਸੰਘਰਸ਼ ਜੋ ਕਿ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖਤਮ ਕਰਨ ਲਈ ਲੜਿਆ ਜਾ ਰਿਹਾ ਹੈ।


       ਯੂਨੀਵਰਸਿਟੀ ਵਿੱਚ ਅਕਸਰ ਹੀ ਅਸੀਂ ਕਈ ਥਾਵਾਂ 'ਤੇ ਜਵਾਹਰਲਾਲ ਨਹਿਰੂ ਦੇ ਇਹਨਾਂ ਸ਼ਬਦਾਂ ਨੂੰ ਉਕਰਿਆਂ ਵੇਖਦੇ ਹਾਂ, "ਯੂਨਿਵਰਸਿਟੀ ਦੇ ਅਰਥ ਇਨਸਾਨੀਅਤ, ਸਹਿਣਸ਼ੀਲਤਾ, ਤਰਕ, ਵਿਚਾਰਾਂ ਦੇ ਰੁਮਾਂਸ ਅਤੇ ਸੱਚ ਦੀ ਭਾਲ ਤੋਂ ਹਨ।ਇਸਦਾ ਅਰਥ ਮਨੁੱਖਤਾ ਦੇ ਹੋਰ ਉਚੇਰੇ ਟੀਚਿਆਂ ਵੱਲ ਵੱਧਣ ਤੋਂ ਹੈ। ਜੇਕਰ ਯੂਨੀਵਰਸਿਟੀਆਂ ਆਪਣੀਆਂ ਜਿੰਮੇਵਾਰੀਆਂ ਸਹੀ ਤਰੀਕੇ ਨਾਲ ਨਿਭਾਉਂਦੀਆਂ ਹਨ ਤਾਂ ਇਹ ਮੁਲਕ ਤੇ ਲੋਕਾਂ ਲਈ ਸਭ ਤੋਂ ਚੰਗਾ ਹੁੰਦਾ ਹੈ।"

      ਪਰ ਅਕਸਰ ਅਸੀਂ ਵੇਖਦੇ ਹਾਂ ਕਿ ਸਾਡੇ ਸਮਾਜ ਅੰਦਰ ਕੁਝ ਵੀ ਇਸ ਤਰ੍ਹਾਂ ਨਹੀਂ ਵਾਪਰਦਾ।ਸਾਡੇ ਗੁੰਝਲਦਾਰ ਤੇ ਨਾ ਬਰਾਬਰੀ ਵਾਲੇ ਸਮਾਜਿਕ, ਆਰਥਿਕ ਤੇ ਰਾਜਨੀਤਿਕ ਢਾਂਚੇ ਦੇ ਪ੍ਰਭਾਵ ਹੇਠ ਸਭ ਆਮ ਤੌਰ 'ਤੇ ਇਸਦੇ ਬਿਲਕੁਲ ਉਲਟ ਵਾਪਰਦਾ ਹੈ। ਇੱਕ ਪਾਸੇ ਤਾਂ ਸਾਡਾ ਵਿਦਿਅਕ ਢਾਂਚਾ ਵਿਦਿਆਰਥੀਆਂ ਨੂੰ ਸਮਾਜ ਤੋਂ ਐਨਾ ਨਿਖੇੜ ਦਿੰਦਾ ਹੈ ਕਿ ਉਹ ਸਮਾਜ ਅੰਦਰਲੀਆਂ ਦਿੱਕਤਾਂ ਤੇ ਉਹਨਾਂ ਦੇ ਕਾਰਨਾਂ ਨੂੰ ਸਮਝ ਨਹੀਂ ਪਾਉਂਦੇ ਤੇ ਦੂਜੇ ਪਾਸੇ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਵੀ ਇੱਕ ਤਰ੍ਹਾਂ ਦਰਜਾਬੰਦੀ ਵਾਲਾ ਬਣ ਕੇ ਰਹਿ ਜਾਂਦਾ ਹੈ ਤੇ ਸਿੱਖਿਆ ਲਈ ਬੇਹੱਦ ਜਰੂਰੀ, ਇੱਕ ਉਸਾਰੂ ਮਾਹੌਲ ਦੀ ਸੰਭਾਵਨਾ ਹੀ ਖਤਮ ਹੋ ਜਾਂਦੀ ਹੈ। ਸਮੈਸਟਰ ਸਿਸਟਮ ਤੇ ਲਾਜ਼ਮੀ ਹਾਜ਼ਰੀ ਨੇ ਵਿਦਿਆਰਥੀਆਂ ਨੂੰ ਕਲਾਸਰੂਮ ਤੱਕ ਹੀ ਸੀਮਤ ਕਰ ਦਿੱਤਾ ਹੈ। ਅਜਿਹੀਆਂ ਹਾਲਤਾਂ ਵਿਚ ਭਾਂਵੇ ਕੁੱਝ ਕੁ ਵਖਰੇਵੇਂ ਮਿਲਦੇ ਹਨ ਪਰ ਉਹ ਵੀ ਬਹੁਤ ਘੱਟ! ਵਿਦਿਆਰਥੀਆਂ ਦਾ ਭਵਿੱਖ ਬਾਜ਼ਾਰ ਸ਼ਕਤੀਆਂ (ਭਾਵ ਮੰਗ ਤੇ ਪੂਰਤੀ) 'ਤੇ ਨਿਰਭਰ ਰਹਿੰਦਾ ਹੈ। ਆਪਣੀ ਰਚਨਾਤਮਿਕਤਾ ਤੋਂ ਟੁੱਟ ਕੇ ਵਿਦਿਆਰਥੀ ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਜਾਂਦਾ ਹੈ। ਜਦੋਂ ਵਿਦਿਆਰਥੀਆਂ ਦੀ ਜ਼ਿੰਦਗੀ ਨੂੰ ਕਾਬੂ ਕਰਨ ਵਾਲੀ ਆਰਥਿਕਤਾ ਖੁਦ ਮੰਦਵਾੜੇ ਵਿੱਚ ਫਸਦੀ ਹੈ ਤਾਂ ਵੱਡੇ ਪੱਧਰ ਤੇ ਫੈਲ ਰਹੀ ਬੇਰੁਜ਼ਗਾਰੀ ਉਹਨਾਂ ਦੀਆਂ ਹਾਲਤਾਂ ਨੂੰ ਹੋਰ ਪਤਲਾ ਕਰ ਦਿੰਦੀ ਹੈ।

     ਇਸ ਸੰਦਰਭ 'ਚ ਯੂਨੀਵਰਸਿਟੀਆਂ ਆਪਣੇ ਉਪਰ ਲਿਖਿਤ ਕਾਰਜ ਪੂਰੇ ਕਰਨ 'ਚ ਨਾਕਾਮ ਜਾਪਦੀਆਂ ਹਨ ਤੇ ਨਵ-ਉਦਾਰਵਾਦੀ ਨੀਤੀਆਂ ਦੇ ਲਾਗੂ ਹੋਣ ਮਗਰੋਂ ਤਾਂ ਇਹ ਕਾਰਜ ਕਦੇ ਵੀ ਪੂਰਾ ਹੁੰਦਾ ਨਹੀਂ ਜਾਪਦਾ। ਸਿੱਖਿਆ ਦੇ ਨਿੱਜੀਕਰਨ ਤੇ ਵਪਾਰੀਕਰਨ ਤਹਿਤ ਉਚੇਰੀ ਸਿੱਖਿਆ ਅਤੇ ਯੂਨੀਵਰਸਿਟੀਆਂ ਅੰਦਰ ਦਾਖਲਾ ਲੋਕਾਂ ਦੀ ਪਹੁੰਚ ਤੋਂ ਬਿਲਕੁਲ ਹੀ ਬਾਹਰ ਹੋ ਰਿਹਾ ਹੈ। ਇਹਨਾਂ ਨੀਤੀਆਂ ਦਾ ਅਸਰ ਸਾਡੀ ਯੂਨੀਵਰਸਿਟੀ ਅੰਦਰ ਵੀ ਫੀਸਾਂ 'ਚ ਲਗਾਤਾਰ ਹੋ ਰਹੇ ਵਾਧੇ (ਪੰਜਾਬ ਯੂਨੀਵਰਸਿਟੀ ਵੱਲੋਂ ਫੀਸਾਂ 'ਚ ੧੦ ਤੋਂ ੨੦% ਵਾਧੇ ਨੂੰ ਸੈਨੇਟ ਵੱਲੋਂ ਮੋਹਰ ਲਗਾ ਦਿੱਤੀ ਗਈ ਹੈ) ਤੇ ਵੱਡੇ ਪੱਧਰ 'ਤੇ ਸeਲਡ-ਡਨਿaਨਚeਦ ਚੁਰਸeਸ ਸ਼ੁਰੂ ਕੀਤੇ ਜਾਣ ਦੇ ਰੂਪ 'ਚ ਸਾਹਮਣੇ ਹੈ।

 ਹੁਣ ਸਵਾਲ ਉੱਠਦਾ ਹੈ ਕਿ ਇਹਨਾਂ ਹਾਲਤ ਵਿੱਚ ਸਾਡਾ ਕੀ ਕਰਨਾ ਬਣਦਾ ਹੈ?

         ਲੋਕਾਂ ਅੰਦਰ ਬਹੁ-ਪ੍ਰਚਾਰੀ ਜਾਣ ਵਾਲੀ ਇੱਕ ਧਾਰਨਾ ਹੈ ਕਿ "ਰਾਜਨੀਤੀ 'ਚ ਹਿੱਸਾ ਲੈਣਾ ਸਮੇਂ ਦੀ ਬਰਬਾਦੀ ਹੈ ਤੇ 'ਚੰਗੇ ਵਿਦਿਆਰਥੀਆਂ' ਦਾ ਇਸ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ।" ਇਹ ਧਾਰਨਾ ਵਿਦਿਆਰਥੀਆਂ ਦੇ ਰਾਜਨੀਤੀ ਅੰਦਰ ਇੱਕ ਸਰਗਰਮ ਰੋਲ ਨੂੰ ਰੱਦ ਕਰਦੀ ਹੈ ਤੇ ਇਹ ਦਲੀਲ ਆਖਿਰਕਾਰ ਹਾਕਮ ਜਮਾਤਾਂ ਦੇ ਹੱਕ ਵਿੱਚ ਭੁਗਤਦੀ ਹੈ ਜੋ ਕਿ ਲੁੱਟ ਖਸੁੱਟ ਦੇ ਇਸ ਢਾਂਚੇ ਨੁੰ ਜਿਉਂ ਦਾ ਤਿਉਂ ਬਣਾਈ ਰੱਖਣਾ ਚਾਹੁੰਦੀਆਂ ਹਨ। ਪਰ ਲੁੱਟ ਖੁਸੱਟ ਤੇ ਦਾਬੇ ਦੇ ਉਲਟ ਲੜਨ ਦਾ ਨੌਜਵਾਨਾਂ ਦਾ ਇੱਕ ਸ਼ਾਨਾਮੱਤਾ ਇਤਿਹਾਸ ਰਿਹਾ ਹੈ ਜਿਸ ਵਿਚ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਅਤੇ ਚੀ ਗੁਵੇਰਾ ਜਿਹੇ ਨਾਮ ਸਾਡੇ ਲਈ ਸ਼ਾਨਦਾਰ ਉਦਾਹਰਨਾਂ ਹਨ। ਦਰਅਸਲ ਵਿਦਿਆਰਥੀ ਸਮਾਜ ਤੇ ਰਾਜਨੀਤੀ ਦੇ ਹਰ ਖਿੱਤੇ ਵਿਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ ਭਾਵੇਂ ਫਿਰ ਉਹ ਆਜ਼ਾਦੀ ਲਈ ਸੰਘਰਸ਼ ਹੋਵੇ ਜਾਂ ਐਮਰਜੰਸੀ ਦੌਰਾਨ ਜਮਹੂਰੀ ਹੱਕਾਂ ਲਈ ਸੰਘਰਸ਼……।ਤੇਲੰਗਾਨਾ, ਕਸ਼ਮੀਰ, ਉੱਤਰ ਪੂਰਬ ਅੰਦਰਲੀਆਂ ਲਹਿਰਾਂ ਜਾਂ ਫਿਰ ਨਕਸਲਬਾੜੀ ਲਹਿਰ ਇਹਨਾਂ ਸਭ ਥਾਵਾਂ 'ਤੇ  ਵਿਦਿਆਰਥੀਆਂ ਨੇ ਹਮੇਸ਼ਾ ਹੀ ਵੱਧ ਚੜ ਕੇ ਹਿੱਸਾ ਲਿਆ ਹੈ। ਪੰਜਾਬ ਅੰਦਰ ਵੀ ਅਗਾਂਹਵਧੂ ਵਿਦਿਆਰਥੀ ਲਹਿਰ ਦੀ ਇੱਕ ਅਮੀਰ ਵਿਰਸਾਤ ਹੈ ਜਿੱਥੇ ਵਿਦਿਆਰਥੀ ਹਮੇਸ਼ਾ ਸਮਾਜਿਕ ਅਤੇ ਰਾਜਨੀਤਿਕ ਸਮਸਿਆਵਾਂ ਨੂੰ ਮੁਖਾਤਿਬ ਹੁੰਦੇ ਰਹੇ ਹਨ। ਅੰਤਰਰਾਸ਼ਟਰੀ ਪੱਧਰ 'ਤੇ ਵੀ ਵਿਦਿਆਰਥੀ ਅਮਰੀਕਾ ਤੇ ਬ੍ਰਿਟੇਨ ਵੱਲੋਂ ਅਫਗਾਨਿਸਤਾਨ ਤੇ ਇਰਾਕ ਉੱਤੇ ਸਾਮਰਾਜੀ ਹਮਲਿਆਂ ਦਾ ਭਰਵਾਂ ਵਿਰੋਧ ਕਰਦੇ ਰਹੇ ਹਨ।ਯੂਰੋਪ ਅੰਦਰ ਵੀ ਵਿਦਿਆਰਥੀਆਂ ਵੱਲੋਂ ਆਰਥਿਕ ਮੰਦਵਾੜੇ ਦੌਰਾਨ ਲਾਗੂ ਕੀਤੀਆਂ ਜਾ ਰਹੀਆਂ ਆਰਥਿਕ ਨੀਤੀਆਂ ਤੇ ਫੀਸਾਂ ਦੇ ਵਾਧੇ ਦਾ ਤਿੱਖਾ ਵਿਰੋਧ ਕੀਤਾ ਗਿਆ ਹੈ। ਇਸੇ ਤਰ੍ਹਾਂ ਪਿਛਲੇ ਕੁਝ ਸਾਲਾਂ ਅੰਦਰ ਮਿਸਰ ਅਤੇ ਹੋਰ ਅਰਬ ਮੁਲਕਾਂ ਅੰਦਰ ਵੀ ਸੱਤਾ ਵਿਰੁੱਧ ਸੰਘਰਸ਼ਾਂ ਵਿੱਚ ਵਿਦਿਆਰਥੀਆਂ ਦਾ ਵੱਡਾ ਰੋਲ ਰਿਹਾ ਹੈ।ਦਰਅਸਲ ਨੌਜਵਾਨਾਂ ਤੇ ਵਿਦਿਆਰਥੀਆਂ ਦਾ ਹਰ ਸਮਾਜਿਕ ਤਬਦੀਲੀ ਵਿੱਚ ਮਹੱਤਵਪੂਰਨ ਯੋਗਦਾਨ ਰਿਹਾ ਹੈ ਅਤੇ ਉਹਨਾਂ ਦੇ ਜੋਸ਼ ਤੇ ਤਾਕਤ ਨੇ ਸਮਾਜਿਕ ਤਬਦੀਲੀ ਅਤੇ ਤਰੱਕੀ ਦਾ ਰੂਪ ਹੀ ਬਦਲਿਆ ਹੈ।

       ਆਓ ਹੁਣ ਪੰਜਾਬ ਯੂਨੀਵਰਸਿਟੀ ਅੰਦਰ ਵਿਦਿਆਰਥੀ ਰਾਜਨੀਤੀ ਵੱਲ ਆਪਣਾ ਧਿਆਨ ਮੋੜੀਏ।ਹਰ ਥਾਂ ਵਾਂਗ ਇੱਥੇ ਵੀ ਦੋ ਕਿਸਮ ਦੀ ਰਾਜਨੀਤੀ ਮੌਜੂਦ ਹੈ। ਇੱਕ ਉਹ ਜੋ ਲੋਕ-ਪੱਖੀ ਹੈ ਤੇ ਸਮਾਜ ਦੇ ਹਰ ਦੱਬੇ ਕੁਚਲੇ ਤਬਕੇ ਦੀ ਹਾਲਤ ਅੰਦਰ ਬਦਲਾਅ ਲਈ ਸੰਘਰਸ਼ ਕਰਦੀ ਹੈ ਅਤੇ ਦੂਜੀ ਜੋ ਮੁੱਖਧਾਰਾ ਦੀ ਸਸਤੀ ਰਾਜਨੀਤੀ ਦਾ ਪਰਛਾਵਾਂ ਹੈ (ਜੋ ਕਿ ਫਿਲਹਾਲ ਹਾਵੀ ਹੈ)। ਖਪਤਵਾਦੀ ਸੱਭਿਆਚਾਰ ਦਾ ਕੇਂਦਰ ਹੋਣ ਕਾਰਨ ਇੱਥੇ ਵਿਦਿਆਰਥੀਆਂ ਅੰਦਰ ਕੱਪੜੇ ਤੇ ਪਹਿਰਾਵੇ ਦਾ ਤੌਰ ਤਰੀਕਾ ਸਮਾਜ ਅੰਦਰਲੇ ਭਖਦੇ ਮੁੱਦਿਆਂ ਤੋਂ ਕਿਤੇ ਵੱਧ ਅਹਿਮੀਅਤ ਰਖਦੇ ਹਨ ਅਤੇ ਵਿਦਿਆਰਥੀ ਰਾਜਨੀਤੀ ਵੀ ਦਿਖਾਵੇਬਾਜੀ ਵਾਲੇ ਵਰਤਾਰਿਆਂ ਵਿੱਚ ਹੀ ਫਸੀ ਹੋਈ ਹੈ।ਇੱਥੇ ਰਾਜਨੀਤੀ ਸਿਰਫ ਦੂਜਿਆਂ ਉੱਤੇ ਆਪਣੀ ਚੌਧਰ ਦਿਖਾਉਣ ਤੱਕ ਸੀਮਿਤ ਹੈ।ਇਸ ਲਈ ਇਹ ਸਿਰਫ਼ ਦਾਖਲਾ ਫਾਰਮ ਭਰਨ ਜਾਂ ਮੁਫਤ 'ਚ ਸਿਲੇਬਸ ਤੇ ਹੋਸਟਲ ਫਾਰਮ ਵੰਡਣ ਤੱਕ ਹੀ ਸੀਮਿਤ ਰਹਿੰਦੀ ਹੈ। ਬੇਸ਼ੱਕ ਨਵੇਂ ਵਿਦਿਆਰਥੀਆਂ ਨੂੰ ਮਦਦ ਦੀ ਲੋੜ ਹੁੰਦੀ ਹੈ ਤੇ ਕਰਨੀ ਵੀ ਬਣਦੀ ਹੈ ਪਰ ਰਾਜਨੀਤੀ ਦੇ ਦਾਇਰੇ ਨੂੰ ਸਿਰਫ ਇਸ ਹੱਦ ਤੱਕ ਘਟਾ ਦੇਣਾ ਹੀ ਇਸ ਰਾਜਨੀਤੀ ਦਾ ਅਸਲ ਰੂਪ ਹੈ। ਸਿਰਫ ਇਹੋ ਨਹੀਂ ਸਗੋਂ ਵੋਟਾਂ ਹਾਸਿਲ ਕਰਨ ਲਈ ਵਿਦਿਆਰਥੀਆਂ ਨੂੰ ਫਿਲਮਾਂ ਦਿਖਾਉਣਾ, ਟੂਰ ਆਦਿ 'ਤੇ ਲੈ ਕੇ ਜਾਣਾ ਅਤੇ ਸ਼ਰਾਬ ਦੀ ਪੇਸ਼ਕਸ਼ ਵੀ ਇਸ ਵਿੱਚ ਸ਼ਾਮਿਲ ਹਨ। ਇਹਨਾਂ ਜਥੇਬੰਦੀਆਂ ਲਈ ਫੈਸਲਿਆਂ ਅੰਦਰ ਵਿਦਿਆਰਥੀਆਂ ਦੀ ਸ਼ਮੂਲੀਅਤ ਕੋਈ ਮਾਅਨੇ ਨਹੀਂ ਰੱਖਦੀ। ਇੱਕ ਸਵਾਲ ਜੋ ਹਰ ਇੱਕ ਦੇ ਮਨ 'ਚ ਉੱਠਦਾ ਹੈ ਕਿ ਇਹਨਾਂ ਜਥੇਬੰਦੀਆਂ ਲਈ ਪੈਸਾ ਕਿਥੋਂ ਆਉਂਦਾ ਹੈ, ਅਣਸੁਲਝਿਆ ਹੀ ਰਹਿੰਦਾ ਹੈ, ਅਤੇ ਐਨਾ ਖਰਚ ਕਰਨ ਮਗਰੋਂ ਵੀ ਵੋਟਾਂ ਵੇਲੇ ਦੱਸਣ ਸਮੇਂ ਹੈਰਾਨੀਜਨਕ ਰੂਪ 'ਚ ਇਹ ਕੁਝ ਹਜ਼ਾਰ ਤੱਕ ਸਿਮਟ ਜਾਂਦਾ ਹੈ!

         ਹੁਣ ਇਹ ਸਾਫ ਹੋ ਜਾਂਦਾ ਹੈ ਕਿ ਕਿਵੇਂ ਨੌਜਵਾਨਾਂ ਦੀ ਊਰਜਾ ਨੂੰ ਇਸ ਘਟੀਆ ਰਾਜਨੀਤੀ ਤਹਿਤ ਕੁੱਝ ਲੋਕਾਂ ਦੇ ਸੌੜੇ ਹਿੱਤਾਂ ਲਈ ਵਰਤਿਆ ਜਾਂਦਾ ਹੈ ਅਤੇ ਖਪਤਵਾਦੀ ਸੱਭਿਆਚਾਰ ਨੂੰ ਪ੍ਰਚਾਰਿਆ ਜਾ ਰਿਹਾ ਹੈ। ਵਿਦਿਆਰਥੀ ਜਥੇਬੰਦੀਆਂ ਅਤੇ ਵਿਦਿਆਰਥੀਆਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਹਾਕਮ ਜਮਾਤਾਂ ਦੇ ਹਰ ਐਸੇ ਤੌਰ ਤਰੀਕਿਆਂ ਤੇ ਨੀਤੀਆਂ ਦਾ ਵਿਰੋਧ ਕਰਨ ਜੋ ਕਿ ਲੋਕਾਂ ਦੇ ਹਿੱਤਾਂ ਦੇ ਉਲਟ ਹਨ, ਪਰ ਸਾਡੇ 'ਵਿਦਿਆਰਥੀ ਨੇਤਾਵਾਂ' ਦਾ ਸ਼ਾਇਦ ਹੀ ਸਮਾਜ ਨਾਲ ਜੁੜੇ ਮੁੱਦਿਆਂ ਨਾਲ ਕੋਈ ਸਰੋਕਾਰ ਹੋਵੇ! ਦਰਅਸਲ ਲੋੜ ਹੈ ਕਿ ਇਸ ਸੌੜੀ ਸਮਝ ਨੂੰ ਰੱਦ ਕਰਦੇ ਹੋਏ ਵਿਦਿਆਰਥੀ ਰਾਜਨੀਤੀ ਦੇ ਇਨਕਲਾਬੀ ਪੱਖ ਨੂੰ ਪਛਾਣਦੇ ਹੋਏ, ਇਸ ਨੂੰ ਇੱਕ ਅਜਿਹੇ ਜਮਹੂਰੀ ਪਲੇਟਫਾਰਮ ਵਜੋਂ ਤਿਆਰ ਕੀਤਾ ਜਾਵੇ ਜਿੱਥੇ ਵਿਦਿਆਰਥੀ ਸਮਾਜ ਦੀਆਂ ਸਮੱਸਿਆਵਾਂ ਨੂੰ ਸਮਝਦੇ ਹੋਏੇ ਉਹਨਾਂ ਦੇ ਹੱਲ ਲਈ ਜਥੇਬੰਦ ਹੋਣ। ਵਿਦਿਆਰਥੀਆਂ ਨੂੰ ਸਮਾਜ ਅੰਦਰ ਸਥਾਪਿਤ ਹਰ ਇੱਕ ਵਿਚਾਰ ਤੇ ਨਜ਼ਰੀਏ ਨੂੰ ਸਵਾਲ ਕਰਦੇ ਹੋਏ ਸਮਾਜ ਅਤੇ ਕੁਦਰਤ ਦੇ ਹਰ ਵਰਤਾਰੇ ਦੇ ਮੂਲ ਤੱਤ ਨੂੰ ਸਮਝਣ ਵੱਲ ਵੱਧਣਾ ਚਾਹੀਦਾ ਹੈ ਪਰ ਹਾਲਤਾਂ ਦੇਖਣ ਮਗਰੋਂ ਇਹ ਸਾਫ਼ ਹੋ ਜਾਂਦਾ ਹੈ ਕਿ ਵਰਤਾਰੇ ਬਿਲਕੁਲ ਉਲਟ ਚੱਲ ਰਹੇ ਹਨ। ਵਿਦਿਆਰਥੀਆਂ ਨੂੰ ਆਪਣੀਆਂ ਜਿੰਮੇਵਾਰੀਆਂ ਨੂੰ ਸਮਝਦੇ ਹੋਏ ਸਾਡੇ ਹਰਮਨ ਪਿਆਰੇ ਇਨਕਲਾਬੀ ਆਗੂਆਂ ਦੇ ਰਾਹ ਨੂੰ ਪਛਾਣਦੇ ਹੋਏ ਅੱਗੇ ਵੱਧਣਾ ਚਾਹੀਦਾ ਹੈ। ਇਸੇ ਲਈ ਸ਼ਹੀਦ ਭਗਤ ਸਿੰਘ ਅਗਵਾਈ ਵਾਲੀ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿੱਚ ਨੌਜਵਾਨਾਂ ਨੂੰ ਸਮਾਜ ਪ੍ਰਤੀ ਇੱਕ ਆਜ਼ਾਦ ਤੇ ਤਰਕਪੂਰਨ ਨਜ਼ਰੀਆ ਬਣਾਉਣ ਲਈ ਕਿਹਾ ਗਿਆ ਹੈ ਜਿਸਦੇ ਸ਼ਬਦ ਕੁਝ ਇਸ ਤਰ੍ਹਾਂ ਨੇ, "ਨੌਜਵਾਨਾਂ ਨੂੰ ਆਜ਼ਾਦੀ, ਠਹਿਰਾਅ ਅਤੇ ਧੀਰਜ ਨਾਲ ਸੋਚਣ ਦਿਓ। ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਹੋਣ ਦਿਓ। ਉਹਨਾਂ ਨੂੰ ਦੋਗਲੇ ਤੇ ਬੇਈਮਾਨ ਲੋਕਾਂ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਖ਼ੁਦ ਨੂੰ ਜਥੇਬੰਦ ਹੋਣ ਦਿਓ।"

          ਇਹ ਸਾਫ ਹੈ ਕਿ ਸਿੱਖਿਆ ਦਾ ਕੰਮ ਕਲਰਕਾਂ ਦੀ ਫੌਜ ਖੜੀ ਕਰਨਾ ਨਹੀਂ ਸਗੋਂ ਲੋਕਾਂ ਦੇ ਹਿੱਤ ਪੂਰਨ ਲਈ ਸਮਾਜ ਨੂੰ ਤਿਆਰ ਕਰਨਾ ਹੈ।ਸ਼ਹੀਦ ਭਗਤ ਸਿੰਘ ਦੇ ਹੇਠ ਲਿਖੇ ਸ਼ਬਦਾਂ ਤੋਂ ਵੀ ਇਹੋ ਝਲਕਦਾ ਹੈ, "ਨੌਜਾਵਨਾਂ ਨੇ ਇਨਕਲਾਬ ਦਾ ਸੁਨੇਹਾ ਦੇਸ਼ ਦੇ ਹਰ ਕੋਨੇ ਵਿੱਚ ਲੈ ਕੇ ਜਾਣਾ ਹੈ। ਉਹਨਾਂ ਨੇ ਪਿੰਡਾਂ, ਫੈਕਟਰੀਆਂ ਅਤੇ ਬਸਤੀਆਂ ਵਿੱਚ ਰਹਿ ਰਹੇ ਕਰੋੜਾਂ ਲੋਕਾਂ ਵਿੱਚ ਇਨਕਲਾਬੀ ਭਾਵਨਾਵਾਂ ਨੂੰ ਜਗਾਉਣਾ ਹੈ। ਇਸੇ ਤਰ੍ਹਾਂ ਆਜ਼ਾਦੀ ਆਵੇਗੀ ਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਅਸੰਭਵ ਹੋ ਜਾਵੇਗੀ।"

            ਇਹਨਾਂ ਹਾਲਾਤਾਂ ਦੇ ਅੰਦਰ ਅਸੀਂ ਨਵੇਂ ਵਿਦਿਆਰਥੀਆਂ ਦਾ ਸਵਾਗਤ ਕਰਦੇ ਹਾਂ ਅਤੇ ਉਹਨਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਇਸ ਸਸਤੀ ਰਾਜਨੀਤੀ ਤੋਂ ਉਪਰ ਉੱਠਦੇ ਹੋਏ ਤੇ ਨੌਜਵਾਨਾਂ ਦੇ ਜੋਸ਼ ਤੇ ਉਰਜਾ ਨੂੰ ਸਮਝਦੇ ਹੋਏ, ਅਸੀਂ ਸਮਾਜਿਕ ਆਰਥਿਕ ਅਤੇ ਰਾਜਨੀਤਿਕ ਹਾਲਤਾਂ ਨੂੰ ਸਮਝਦੇ ਹੋਏ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਨੂੰ ਖਤਮ ਕਰਨ ਲਈ ਇੱਕ ਇਨਕਲਾਬੀ ਬਦਲਾਅ ਲਈ ਯਤਨ ਵਿੱਚ ਸ਼ਾਮਿਲ ਹੋਈਏ।