SFS 2nd Conference

SFS 2nd Conference

Tuesday, August 12, 2014

ਵਿਦਿਆਰਥੀ, ਸਿੱਖਿਆ ਪ੍ਰਣਾਲੀ ਅਤੇ ਰਾਜਨੀਤੀ

ਦੋਸਤੋ,
         ਖ਼ੂਬਸੂਰਤ ਜ਼ਿੰਦਗੀ ਜਿਉਣ ਦਾ ਸੁਪਨਾ ਹਰ ਇਨਸਾਨ ਵੇਖਦਾ ਹੈ, ਜਿਸਦੀ ਤਲਾਸ਼ ਉਸਨੂੰ ਸਿੱਖਿਆ ਦੇ ਬੂਹੇ 'ਤੇ ਲੈ ਆਉਂਦੀ ਹੈ। ਇਹੋ ਸਿਲਸਿਲਾ ਸਾਨੂੰ ਪੰਜਾਬ ਯੂਨੀਵਰਟਿਸੀ ਤੱਕ ਲੈ ਆਇਆ ਹੈ। ਇਸ ਯੂਨੀਵਰਸਿਟੀ 'ਚ ਪੜ੍ਹਨ ਦਾ ਸੁਪਨੇ ਕਿੰਨ੍ਹੇ ਹੀ ਨੌਜਵਾਨ ਮੁੰਡੇ-ਕੁੜੀਆਂ ਨੇ ਲਿਆ ਹੋਵੇਗਾ ਅਤੇ ਇਸ ਵਿਚ ਹਰਜ਼ ਵੀ ਕੀ ਹੈ! ਜਦੋਂ ਪੀ.ਯੂ. ਦੇਸ਼ ਦੀ ਇੱਕ ਨੰਬਰ ਯੂਨੀਵਰਸਿਟੀ ਹੋਣ ਦਾ ਖ਼ਿਤਾਬ ਹਾਸਿਲ ਕਰ ਚੁੱਕੀ ਹੋਵੇ ਅਤੇ ਭਾਰਤ ਦੇ ਸਭ ਤੋਂ ਸੁੰਦਰ ਅਤੇ ਵਿਕਸਤ ਕਹੇ ਜਾਂਦੇ ਸ਼ਹਿਰ ਚੰਡੀਗੜ੍ਹ ਵਿਚ ਸਥਿਤ ਹੋਵੇ ਤਾਂ ਹਰੇਕ ਨੌਜਵਾਨ ਦਾ ਦਿਲ ਮੱਲੋ ਮੱਲੀ ਕਰਦਾ ਹੈ ਕਿ ਉਹ ਵੀ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਹੋਣ ਦਾ ਮਾਣ ਹਾਸਿਲ ਕਰੇ ਪਰ ਇਹ ਮਾਣ ਸਿਰਫ਼ ਤੁਹਾਨੂੰ ਮਿਲਿਆ ਹੈ। ਦਾਖਲਾ ਮਿਲਣ ਤੋਂ ਪਹਿਲਾਂ ਯੂਨੀਵਰਸਿਟੀ ਵਿਚ ਪੈਰ ਧਰਦਿਆਂ ਹੀ ਇੱਕ ਕੰਬਣੀ ਜਿਹੀ ਛਿੜ ਜਾਂਦੀ ਹੈ ਕਿ ਕਿਤੇ ਸਾਡਾ ਏਥੇ ਪੜ੍ਹਨ ਦਾ ਸੁਪਨਾ ਵਿੱਚੇ ਹੀ ਨਾ ਰਹਿ ਜਾਵੇ, ਬਹੁਤ ਸਾਰਿਆ ਦਾ ਰਹਿ ਗਿਆ ਪਰ ਹੁਣ ਜਦੋਂ ਤੁਸੀਂ ਦਾਖ਼ਲਾ ਪ੍ਰੀਖਿਆ ਅਤੇ ਮੈਰਿਟ ਦੀਆਂ ਸ਼ਰਤਾਂ ਪੂਰੀਆਂ ਕਰਨ ਤੋਂ ਬਾਅਦ ਇਸ ਯੂਨੀਵਰਸਿਟੀ 'ਚ ਦਾਖ਼ਲਾ ਲੈਣ ਵਿੱਚ ਸਫ਼ਲ ਹੋ ਗਏ ਹੋਂ ਤਾਂ ਅਗਲੇ ਸੁਪਨਿਆਂ ਦੀ ਪੂਰਤੀ ਦੀ ਉਮੀਦ ਵੀ ਕੀਤੀ ਜਾ ਸਕਦੀ ਹੈ। ਜਿਵੇਂ ਕਹਿੰਦੇ ਨੇ ਕਿ ਜ਼ਿੰਦਗੀ ਜਿਉਣ ਲਈ ਸਾਹ ਲੈਣ ਤੋਂ ਥੋੜਾ ਵੱਧ ਜ਼ੋਰ ਲਗਾਉਣਾ ਪੈਂਦਾ ਹੈ ਉਸੇ ਤਰ੍ਹਾਂ ਅਗਲੇ ਸੁਪਨੇ ਸਾਕਾਰ ਕਰਨਾ ਕੋਈ ਖ਼ਾਲਾ ਜੀ ਦਾ ਵਾੜਾ ਨਹੀਂ ਕਿਉਂਕਿ ਸਾਡੇ ਦੇਸ਼ ਦੀਆਂ ਸਮਾਜਿਕ ਅਤੇ ਆਰਥਿਕ ਸਥਿਤੀਆਂ ਤੋਂ ਤੁਸੀਂ ਚੰਗੀ ਤਰ੍ਹਾਂ ਵਾਕਿਫ਼ ਹੋਂ ਅਤੇ ਕੁਝ ਹਲਾਤਾਂ ਦੇ ਰੂ-ਬ-ਰੂ ਹੋਣਾ ਹਾਲੇ ਬਾਕੀ ਹੈ। ਸਾਡੇ ਸਮਿਆਂ 'ਚ ਸਿੱਖਿਆ ਮਨੁੱਖ ਦਾ ਤੀਜਾ ਨੇਤਰ ਨਹੀਂ ਸਗੋਂ ਰੁਜ਼ਗਾਰ ਪ੍ਰਾਪਤੀ ਦਾ ਇੱਕ ਸਾਧਨ ਬਣਦੀ ਜਾ ਰਹੀ ਹੈ ਅਤੇ ਇਹ ਸਾਧਨ ਸਮਾਜ ਦੇ ਹਰੇਕ ਵਰਗ ਨੂੰ ਹਾਸਿਲ ਵੀ ਨਹੀਂ ਹੁੰਦਾ।         
        ਦੋਸਤੋ, ਇੱਕ ਉਹ ਦੌਰ ਸੀ ਜਦੋਂ ਦਲਿਤਾਂ ਨੂੰ ਗਿਆਨ ਤੋਂ ਦੂਰ ਰੱਖਣ ਲਈ ਸਿੱਕਾ ਪਿਘਲਾ ਕੇ ਕੰਨਾਂ ਵਿਚ ਪਾ ਦਿੱਤਾ ਜਾਂਦਾ ਸੀ ਪਰ ਅੱਜ ਇਹ ਕਿਰਦਾਰ ਵੱਧਦੀਆਂ ਫ਼ੀਸਾਂ(ਜਿਵੇਂ ਇਸ ਵਾਰ ਪੀ.ਯੂ. ਨੇ ਵਿਦਿਆਰਥੀਆਂ ਦੇ ਸੰਘਰਸ਼ ਦੇ ਬਾਵਜ਼ੂਦ ਵੀ 5 ਫ਼ੀਸਦੀ ਫ਼ੀਸਾਂ 'ਚ ਵਾਧਾ ਕੀਤਾ ਹੈ), ਪ੍ਰਾਈਵੇਟ ਕਾਲਜ਼ ਅਤੇ ਸਿੱਖਿਆ ਦਾ ਵਪਾਰੀਕਰਨ ਨਿਭਾ ਰਿਹਾ ਹੈ। ਇਸ ਢਾਂਚੇ ਦੇ ਪੀੜਤ ਸਿਰਫ਼ ਆਰਥਿਕ ਪੱਖੋਂ ਕਮਜ਼ੋਰ ਵਰਗ ਹੀ ਨਹੀਂ ਸਗੋਂ ਕੁੜੀਆਂ ਅਤੇ ਦਲਿਤ ਪਰਿਵਾਰ ਵਧੇਰੇ ਹਨ। ਮੌਕਿਆਂ ਦੀ ਕਮੀ, ਖ਼ਰਚਿਆਂ ਦਾ ਬੋਝ, ਸਮਾਜ਼ ਅੰਦਰਲਾ ਲਿੰਗਿਕ ਅਤੇ ਜਾਤੀਵਾਦੀ ਭੇਦਭਾਵ ਵੱਡੀ ਗਿਣਤੀ ਦੇ ਸਿੱਖਿਆ ਪ੍ਰਾਪਤੀ ਲਈ ਰਾਹ 'ਚ ਰੋੜਾ ਬਣ ਰਿਹਾ ਹੈ। ਸਰਕਾਰਾਂ ਇਹਨਾਂ ਸਵਾਲਾਂ ਨੂੰ ਹੱਲ ਕਰਨ ਦੀ ਥਾਂ ਸਿੱਖਿਆ ਨੂੰ ਅੰਬਾਨੀਆਂ, ਬਿਰਲਿਆਂ ਅਤੇ ਬਾਹਰਲੇ ਮੁਲਕਾਂ ਦੇ ਕਾਰਪੋਰੇਟਾਂ ਦੀ ਮੁਨਾਫਾਖੋਰੀ ਲਈ ਉਹਨਾਂ ਅੱਗੇ ਪਰੋਸ ਰਹੀ ਹੈ। WTO ਤਹਿਤ ਸਿੱਖਿਆ ਨੂੰ ਵਪਾਰ ਅਧੀਨ ਲਿਆਂਦਾ ਗਿਆ ਹੈ ਅਤੇ ਇਸ ਨੂੰ ਲੋਕਾਂ ਦੇ ਹੱਕ ਵੱਜੋਂ ਦੇਣ ਦੀ ਬਜਾਏ ਵਪਾਰਕ ਵਸਤੂ ਬਣਾ ਦਿੱਤਾ ਗਿਆ। PPP(ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ) ਤੇ Self-Financed ਕੋਰਸ ਵੀ ਇਹਨਾਂ ਨੀਤੀਆਂ ਦਾ ਹੀ ਇੱਕ ਹਿੱਸਾ ਹੈ। ਅਜਿਹੀਆਂ ਹਾਲਤਾਂ ਅੰਦਰ ਇਹਨਾਂ ਨੀਤੀਆਂ ਦਾ ਵਿਰੋਧ ਕਰਨਾ ਸਿਰਫ਼ ਆਰਥਿਕ ਲਾਹੇ ਦਾ ਮਸਲਾ ਨਹੀਂ ਹੈ ਸਗੋਂ ਸਮਾਜਿਕ-ਆਰਥਿਕ ਬਰਾਬਰੀ ਲਈ ਸੰਘਰਸ਼ ਦਾ ਹਿੱਸਾ ਬਣ ਜਾਂਦਾ ਹੈ।


          ਜੋ ਸਿੱਖਿਆ ਬਰਾਬਰੀ ਅਤੇ ਬੇਹਤਰ ਜ਼ਿੰਦਗੀ ਦਾ ਰਸਤਾ ਬਣ ਸਕਦੀ ਹੈ, ਨਿੱਜੀਕਰਨ ਅਤੇ ਵਪਾਰੀਕਰਨ ਦੇ ਕਾਰਨ ਆਰਥਿਕ, ਸਮਾਜਿਕ, ਲਿੰਗਿਕ, ਭਸ਼ਾਈ ਅਤੇ ਜਾਤੀਵਾਦੀ ਦਾਬੇ ਨੂੰ ਮਜ਼ਬੂਤ ਕਰਨ ਦਾ ਕੰਮ ਕਰ ਰਹੀ ਹੈ। ਸਿਸਟਮ ਦੇ ਬਣਾਏ ਇਸ ਚੱਕਰਵਿਊ 'ਚੋਂ ਕਿਵੇਂ ਨਾ ਕਿਵੇਂ ਬਾਹਰ ਨਿਕਲ ਕੇ ਜੋ ਵਿਦਿਆਰਥੀ ਕਾਲਜ਼ਾਂ-ਯੂਨੀਵਰਸਿਟੀਆਂ ਤੱਕ ਪਹੁੰਚ ਜਾਂਦੇ ਹਨ, ਉਨ੍ਹਾਂ ਨੂੰ ਸਾਡੇ ਇਹ ਵਿੱਦਿਅਕ ਅਦਾਰੇ ਮੰਡੀ ਦੀਆਂ ਮਸ਼ੀਨਾਂ ਦੇ ਪੁਰਜਿਆਂ ਵੱਜੋ ਤਿਆਰ ਕਰਦੇ ਹਨ। ਉਨ੍ਹਾਂ ਦੀ ਟਰੇਨਿੰਗ ਇਸ ਪ੍ਰਕਾਰ ਦੀ ਕੀਤੀ ਜਾਂਦੀ ਹੈ ਕਿ ਉਹ ਖ਼ੁਦ ਵੀ ਭੁੱਲ ਜਾਂਦੇ ਹਨ ਕਿ ਉਹ ਇਨਸਾਨ ਹਨ ਅਤੇ ਉਹਨਾਂ 'ਚ ਸਿਰਜਨਾ ਦੀ ਅਥਾਹ ਸ਼ਕਤੀ ਹੈ। ਵਿਦਿਆਰਥੀਆਂ ਦੀ ਸਿਰਜਣਾਤਮਕਤਾ ਨੂੰ ਕੁਚਲ ਕੇ ਉਹਨਾਂ ਨੂੰ ਮੰਡੀ ਵਿਚ ਸਿਰਫ਼ ਪੈਸਾ ਕਮਾਉਣ ਦੇ ਇੱਕ ਸੰਦ ਬਣਾ ਕੇ ਰੱਖ ਦਿੱਤਾ ਜਾਂਦਾ ਹੈ ਅਤੇ ਸਮਾਜ ਨੂੰ ਕੋਈ "ਆਈਨਸਟਾਈਨ ਜਾਂ ਮੁਨਸ਼ੀ ਪ੍ਰੇਮ ਚੰਦ" ਵਰਗੀ ਦੇਣ ਅੰਦਰ ਖਾਤੇ ਹੀ ਖਤਮ ਹੋ ਜਾਂਦੀ ਹੈ। ਮੌਜੂਦਾ ਵਿਦਿਆਕ ਢਾਂਚਾ ਨੌਜਵਾਨਾਂ ਅੰਦਰਲੀ ਸੰਵੇਦਨਾ ਨੂੰ ਖ਼ਤਮ ਕਰਕੇ ਉਹਨਾਂ ਅੰਦਰ ਗੈਰ ਮਨੁੱਖੀ ਰੁਝਾਨ ਪੈਦਾ ਕਰਦਾ ਹੈ ਜੋ ਕਿ ਰੈਗਿੰਗ, ਗੁੰਡਾਗਰਦੀ ਅਤੇ "ਖਾਓ ਪੀਓ ਅਤੇ ਐਸ਼ ਕਰੋ' ਵਾਲੇ ਸੱਭਿਆਚਾਰ ਨੂੰ ਵਧਾਵਾ ਦਿੰਦਾ ਹੈ। ਦੋਸਤੋ, ਮੌਜੂਦਾ ਸਮੇਂ ਵਿਚ ਜਿੱਥੇ ਸਾਡੀ ਰਸਮੀ ਸਿੱਖਿਆ ਦੇ ਸਿਲੇਬਸ 'ਚ ਗੈਰ ਵਿਗਿਆਨਿਕ ਰੁਝਾਨ ਸ਼ਾਮਿਲ ਹਨ ਉਥੇ ਹੀ ਇਹ ਅਭਿਆਸ ਨਾਲੋਂ ਵੀ ਟੁੱਟੀ ਹੋਈ ਹੈ। ਨਾਲ ਹੀਕੱਟੜਤਾ ਅਤੇ ਸੰਕੀਰਣਤਾ ਵੀ ਵਿਦਿਆਰਥੀਆਂ ਦੀ ਖ਼ੋਜ ਨੂੰ ਅਮੀਰ ਹੋਣ ਤੋਂ ਰੋਕਦੀ ਹੈ।
       ਸਾਥੀਓ, ਜਿਸ ਦੇਸ਼ 'ਚ ਪੜ੍ਹਨ ਲਈ ਐਨੀ ਮੁਸ਼ੱਕਤ ਕਰਨੀ ਪੈਂਦੀ ਹੈ ਉੱਥੇ ਰੁਜ਼ਗਾਰ ਦਾ ਕੀ ਹਾਲ ਹੋਵੇਗਾ? ਰੁਜ਼ਗਾਰ ਨੂੰ ਲੈ ਕੇ ਸ਼ਾਇਦ ਕਿਸੇ ਨੂੰ ਕਈ ਭੁਲੇਖੇ ਹੋ ਸਕਦੇ ਹਨ ਕਿ ਉਹ ਬਹੁਤ ਹੁਸ਼ਿਆਰ ਹੈ ਅਤੇ ਕੋਈ ਵੀ ਟੈਸਟ ਕੱਢ ਕੇ ਨੌਕਰੀ ਲੈ ਲਵੇਗਾ/ਲਵੇਗੀ ਪਰ ਅੱਤ ਦਰਜੇ ਦੇ ਹੁਸ਼ਿਆਰ ਵਿਦਿਆਰਥੀਆਂ ਨੂੰ ਤੁਸੀਂ ਇਸ ਯੂਨੀਵਰਸਿਟੀ ਦੀ ਲਾਈਬ੍ਰੇਰੀ ਵਿਚ ਵੱਖ-ਵੱਖ ਟੈਸਟਾਂ ਦੀ ਕਈ ਸਾਲਾਂ ਤੋਂ ਤਿਆਰੀ ਕਰਦੇ ਵੇਖ ਸਕਦੇ ਹੋਂ। ਉਹਨਾਂ ਨੂੰ ਕੋਈ ਢੰਗ ਦੀ ਨੌਕਰੀ ਨਹੀਂ ਮਿਲ ਰਹੀ, ਪਿੱਛੇ ਉਹ ਹੁਣ ਮੁੜ ਨਹੀਂ ਸਕਦੇ ਪਰ ਉਹਨਾਂ ਦੇ ਚਿਹਰੇ ਜਰੂਰ ਮੁਰਝਾ ਗਏ ਨੇ ਅਤੇ ਸਿਰ ਦੇ ਵਾਲ ਅੱਧੇ ਤੋਂ ਵੱਧ ਸਫੇਦ ਹੋ ਚੁੱਕੇ ਹਨ, ਨੌਕਰੀ ਦਾ ਹਾਲੇ ਕੋਈ ਮੂੰਹ ਮੁਹਾਂਦਰਾ ਨਹੀਂ ਦਿਸ ਰਿਹਾ।
          ਅਜਿਹੇ ਵਿਚ ਜਦੋਂ ਸਰਕਾਰ ਫ਼ੀਸਾਂ 'ਚ ਵਾਧਾ ਕਰਕੇ ਯੂਨੀਵਰਸਿਟੀਆਂ ਨੂੰ ਆਪਣੇ ਖ਼ਰਚੇ ਆਪ ਜਟਾਉਣ ਦੀਆਂ ਹਦਾਇਤਾਂ ਜਾਰੀ ਕਰ ਰਹੀ ਹੈ ਅਤੇ ਮੌਜੂਦਾ ਸਰਕਾਰ ਦੇ IITsਅਤੇ IIMs ਖੋਲਣ ਦੇ ਵਾਅਦੇ ਅਨਪੜ੍ਹਤਾ ਦੇ ਸਾਗਰ 'ਚ ਗਿਆਨ ਦੇ ਕੁਝ ਟਾਪੂ ਉਸਾਰਨ ਦੇ ਸੁਪਨੇ ਦਿਖਾਉਣਾ ਹੀ ਹੈ। ਇਹਨਾਂ ਸੰਸਥਾਵਾਂ 'ਚ ਕੁਝ ਫ਼ੀਸਦੀ ਵਿਦਿਆਰਥੀਆਂ ਨੂੰ ਹੀ ਸਿੱਖਿਆ ਦਿੱਤੀ ਜਾ ਸਕੇਗੀ ਅਤੇ ਵੱਡੀ ਗਿਣਤੀ ਏਥੇ ਵੀ ਸਿੱਖਿਆ ਤੋਂ ਵਾਂਝੇ ਰਹਿ ਜਾਣਗੇ। ਹੁਣ ਜਦੋਂ ਸਰਕਾਰ ਦਾ ਕਿਰਦਾਰ ਵਾੜ ਦੇ ਖੇਤ ਨੂੰ ਖਾਣ ਵਾਲਾ ਬਣ ਰਿਹਾ ਹੈ ਤਾਂ ਸਵਾਲ ਪੈਦਾ ਹੁੰਦਾ ਹੈ ਕਿ ਕੀ ਕੀਤਾ ਜਾਵੇ? ਸਾਰੇ ਚੇਤੰਨ ਵਿਦਿਆਰਥੀ ਇਹਨਾਂ ਸਵਾਲਾਂ ਦੇ ਹੱਲ ਲਈ ਇਕੱਠੇ ਹੋਣ 'ਤੇ ਸਹਿਮਤ ਹੀ ਹੋਣਗੇ ਅਤੇ ਨਾਲ ਹੀ ਰਾਜਨੀਤਿਕ ਸੰਘਰਸ਼ ਦੀ ਲੋੜ ਵੀ ਜ਼ਾਹਿਰ ਹੁੰਦੀ ਹੈ ਪਰ ਰਾਜਨੀਤੀ ਸ਼ਬਦ ਮੌਕਾ ਪ੍ਰਸਤੀ, ਗੁੰਡਾਗਰਦੀ, ਤਾਕਤ ਅਤੇ ਪੈਸੇ ਦੀ ਖੇਡ,ਦਾਰੂ ਦੀਆਂ ਮੁਫ਼ਤ ਬੋਤਲਾਂ, ਮਹਿੰਗੀਆਂ ਗੱਡੀਆਂ ਅਤੇ ਕੱਪੜਿਆਂ ਦੇ ਫੁਕਰਪੁਣੇ ਨਾਲ ਜੁੜ ਜਾਂਦਾ ਹੈ। ਰਾਜਨੀਤੀ ਦੇ ਇਸੇ ਰੂਪ ਨੂੰ ਸਾਹਮਣੇ ਰੱਖਦੇ ਹੋਏ ਯੂਨੀਵਰਸਿਟੀ ਪ੍ਰਸ਼ਾਸ਼ਨ ਹਰ ਕਿਸਮ ਦੀ ਰਾਜਨੀਤਿਕ ਗਤੀਵਿਧੀ ਨੂੰ ਖਤਮ ਕਰਨ ਦਾ ਗੱਲ ਕਰਦਾ ਹੈ। ਪਰ ਜਿਵੇਂ ਕਿ ਭਗਤ ਸਿੰਘ ਨੇ ਲਿਖਿਆ ਹੈ ਕਿ " ਬੜਾ ਭਾਰੀ ਰੌਲਾ ਇਸ ਗੱਲ ਦਾ ਸੁਣਿਆ ਜਾ ਰਿਹਾ ਹੈ ਕਿ ਵਿਦਿਆਰਥੀ ਰਾਜਸੀ ਕੰਮਾਂ ਵਿੱਚ ਹਿੱਸਾ ਨਾ ਲੈਣ।ਜਿਨ੍ਹਾਂ ਨੌਜਵਾਨਾਂ ਨੇ ਕੱਲ੍ਹ ਨੂੰ ਮੁਲਕ ਦੀ ਵਾਗਡੋਰ ਹੱਥ ਵਿਚ ਲੈਣੀ ਹੈ ਉਹਨਾਂ ਨੂੰ ਅੱਜ ਅਕਲ ਦੇ ਅੰਨ੍ਹੇ  ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਜੋ ਨਤੀਜਾ ਨਿਕਲੇਗਾ, ਉਹ ਸਾਨੂੰ ਖੁਦ ਸਮਝ ਜਾਣਾ ਚਾਹੀਦਾ ਹੈ। ਇਹ ਅਸੀਂ ਮੰਨਦੇ ਹਾਂ ਕਿ ਵਿਦਿਆਰਥੀ ਦਾ ਮੁੱਖ ਕੰਮ ਪੜ੍ਹਨਾ ਹੈ। ਪਰ ਕੀ ਦੇਸ਼ ਦੇ ਹਲਾਤਾਂ ਦਾ ਗਿਆਨ, ਅਤੇ ਉਨ੍ਹਾਂ ਦੇ ਸੁਧਾਰ ਦੇ ਉਪਾਅ ਸੋਚਣ ਦੀ ਯੋਗਤਾ ਉਸੇ ਸਿੱਖਿਆ ਵਿਚ ਸ਼ਾਮਿਲ ਨਹੀਂ? ਜੇ ਨਹੀਂ ਤਾਂ ਅਸੀਂ ਉਸ ਵਿਦਿਆ ਨੂੰ ਵੀ ਨਿਕੰਮਾ ਸਮਝਦੇ ਹਾਂ ਜਿਹੜੀ ਕਿ ਕੇਵਲ ਕਲਰਕੀ ਕਰਨ ਵਾਸਤੇ ਹੀ ਹਾਸਿਲ ਕੀਤੀ ਜਾਵੇ"। ਸੋ ਦੋਸਤੋਂ ਇੱਕ ਗੱਲ ਸਾਫ ਹੈ ਕਿ ਰਾਜਨੀਤੀ ਭਾਵੇਂ ਸਾਡੇ ਸਮਾਜ ਦੇਗੰਧਲੇਪਣ ਨੂੰ ਸਾਹਮਣੇ ਲਿਆਉਂਦੀ ਹੈ ਪਰ ਦੂਜੇ ਪਾਸੇ ਬਦਲਾਅ ਦਾ ਰਸਤਾ ਵੀ ਇਸ ਵਿਚੋਂ ਦੀ ਹੀ ਗੁਜ਼ਰਦਾ ਹੈ। ਪ੍ਰਸ਼ਾਸਨ ਵੱਲੋਂ ਰਾਜਨੀਤੀ ਦਾ ਵਿਰੋਧ ਮਾੜੇ ਪੱਖਾਂ ਬਾਰੇ ਤਾਂ ਸਿਰਫ ਰਸਮੀ ਹੀ ਹੁੰਦਾ ਹੈ ਪਰ ਅਸਲ ਵਿਚ ਬਦਲ ਭਾਲ ਰਹੇ ਸੰਘਰਸ਼ਾਂ ਨੂੰ ਕੁਚਲਣ ਦਾ ਹਥਿਆਰ ਹੁੰਦਾ ਹੈ (ਭਾਵ ਬਹਾਨਾ ਹੋਰ, ਨਿਸ਼ਾਨਾਂ ਹੋਰ)। ਇਹ ਗੱਲ ਉਦੋਂ ਹੋਰ ਸਾਫ ਹੋ ਜਾਂਦੀ ਹੈ ਜਦੋਂ ਬਿਰਲਾ-ਅੰਬਾਨੀ ਰਿਪੋਰਟ ਵਿੱਚ ਸਿੱਖਿਆ ਦੇ ਨਿੱਜੀਕਰਨ ਲਈ ਕੈਂਪਸਾਂ ਚੋਂ ਰਾਜਨੀਤੀ ਨੂੰ ਖਤਮ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਕੀ ਵਿਦਿਆਰਥੀਆਂ ਦੇ ਜਮਹੂਰੀ ਹੱਕਾਂ ਨੂੰ ਖੋਹ ਕੇ ਘਟੀਆ ਕਿਸਮ ਦੀ ਰਾਜਨੀਤੀ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ? ਨਹੀਂ ਸਗੋਂ ਵਿਦਿਆਰਥੀਆਂ ਅੰਦਰ ਡੂੰਘੀ ਰਾਜਨੀਤਿਕ ਸਮਝ ਹੀ ਇਸ ਦਾ ਅਸਲ ਹੱਲ ਹੈ। ਇਸੇ ਲਈ ਪ੍ਰਸ਼ਾਸਨ ਦੇ ਇਸ ਦੋਗਲੇ ਰੱਵਈਏ ਦਾ ਵਿਰੋਧ ਕਰਦੇ ਹੋਏ ਜਮਹੂਰੀ ਹੱਕਾਂ ਲਈ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਬਣਦਾ ਹੈ।
          ਦੋਸਤੋ, ਤੁਸੀਂ ਜਾਣਦੇ ਹੀ ਹੋਂ ਕਿ ਚੰਗੀ ਜ਼ਿੰਦਗੀ ਲਈ ਰਾਹ ਸੰਘਰਸ਼ ਹੀ ਤਿਆਰ ਕਰਦਾ ਹੈ ਤੇ ਰੂਪ ਕੋਈ ਵੀ ਹੋ ਸਕਦਾ ਹੈ। ਸਾਡੇ ਇਸ ਗੈਰ-ਬਰਾਬਰੀ, ਲੁੱਟ ਅਤੇ ਦਾਬੇ ਨਾਲ ਭਰੇ ਸਮਾਜਕ-ਆਰਥਕ ਢਾਂਚੇ ਨੂੰ ਸਮਝਣ ਅਤੇ ਬਦਲਣ  ਲਈ ਸੰਘਰਸ਼ਾਂ ਦੇ ਪਿੜ ਵਿੱਚ SFS ਤੁਹਾਨੂੰ ਜੀ ਆਇਆਂ ਆਖਦੀ ਹੈ ਅਤੇ ਗਦਰੀਆਂ, ਡਾ. ਅੰਬੇਦਕਰ ਤੇ ਭਗਤ ਸਿੰਘ ਦੇ ਕਲਪੇ ਬਰਾਬਰੀ ਦੇ ਸਮਾਜ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਸਾਥ ਦੇਣ ਦੀ ਅਪੀਲ ਕਰਦੀ ਹੈ।